ਰੂਸ ਵੱਲੋਂ ਯੂਕ੍ਰੇਨ 'ਤੇ ਹਮਲਾ, ਜਾਣੋ ਹੁਣ ਤੱਕ ਦੀਆਂ 10 ਵੱਡੀਆਂ ਅਪਡੇਟਸ
Thursday, Feb 24, 2022 - 04:09 PM (IST)
ਕੀਵ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਵੀਰਵਾਰ ਨੂੰ ਫੌਜੀ ਕਾਰਵਾਈ ਦੇ ਐਲਾਨ ਤੋਂ ਬਾਅਦ ਯੂਕ੍ਰੇਨ ਦੇ ਕਈ ਸ਼ਹਿਰਾਂ ਵਿਚ ਜ਼ਬਰਦਸਤ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਪੁਤਿਨ ਨੇ ਦਾਅਵਾ ਕੀਤਾ ਹੈ ਕਿ ਇਹ ਹਮਲੇ ਪੂਰਬੀ ਯੂਕ੍ਰੇਨ ਵਿਚ ਲੋਕਾਂ ਦੀ ਸੁਰੱਖਿਆ ਲਈ ਕੀਤੇ ਜਾ ਰਹੇ ਹਨ। ਹਾਲਾਂਕਿ ਯੂਕ੍ਰੇਨ ਮੁਤਾਬਕ ਇਸ 'ਚ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਾਣੋ ਰੂਸ-ਯੂਕ੍ਰੇਨ ਵਿਵਾਦ ਨੂੰ ਲੈ ਕੇ ਹੁਣ ਤੱਕ ਦੇ 10 ਵੱਡੇ ਅਪਡੇਟਸ ਕੀ ਹਨ।
1. ਯੂਕ੍ਰੇਨ ਦੀ ਰਾਜਧਾਨੀ ਕੀਵ ਅਤੇ ਹੋਰ ਥਾਵਾਂ 'ਤੇ ਹੋਏ ਧਮਾਕੇ
ਯੁਕਰੇਨੀਅਨ ਇੰਡੀਪੇਂਡੇਂਟ ਇੰਫਾਰਮੇਸ਼ਨ ਏਜੰਸੀ ਅਨੁਸਾਰ, ਧਮਾਕੇ ਕੀਵ ਵਿਚ ਸਥਾਨਕ ਸਮੇਂ ਅਨੁਸਾਰ 05.00 ਵਜੇ ਹੋਏ। ਉਥੇ ਹੀ ਡੋਨੇਟਸਕ ਦੇ ਕ੍ਰਾਮਟੋਰਸਕ ਵਿਚ ਘੱਟੋ-ਘੱਟ ਚਾਰ ਧਮਾਕੇ ਹੋਏ। ਇਸ ਤੋਂ ਇਲਾਵਾ ਓਡੇਸਾ, ਖਾਰਕੀਵ, ਬਡਿਆਰਸਕ, ਬੋਰੀਸਪਿਲ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਵੀ ਧਮਾਕਿਆਂ ਦੀ ਆਵਾਜ਼ ਸੁਣੀ ਗਈ।
2. ਯੂਕ੍ਰੇਨ ਦਾ ਹਵਾਈ ਖੇਤਰ ਬੰਦ, ਕੀਵ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਸੱਦੀ ਗਈ ਵਾਪਸ
ਵੀਰਵਾਰ ਨੂੰ ਭਾਰਤੀ ਨਾਗਰਿਕਾਂ ਨੂੰ ਯੂਕ੍ਰੇਨ ਤੋਂ ਲਿਆਉਣ ਲਈ ਰਵਾਨਾ ਹੋਇਆ ਏਅਰ ਇੰਡੀਆ ਦਾ ਇਕ ਜਹਾਜ਼ ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਦੀ ਕਾਰਵਾਈ ਮਗਰੋਂ ਵਾਪਸ ਦਿੱਲੀ ਪਰਤ ਆਇਆ ਹੈ। ਏਅਰ ਲਾਈਨਜ਼ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਦਰਅਸਲ ਯੂਕ੍ਰੇਨ ਦੇ ਅਧਿਕਾਰੀਆਂ ਨੇ ਵੀਰਵਾਰ ਸਵੇਰੇ ਦਿੱਲੀ ਤੋਂ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਨਾਗਰਿਕ ਜਹਾਜ਼ਾਂ ਦੇ ਸੰਚਾਲਨ ਲਈ ਦੇਸ਼ ਦੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਗ ਏਅਰ ਇੰਡੀਆ ਅਤੇ ਕੇਂਦਰ ਸਰਕਾਰ ਨੇ ਜਹਾਜ਼ ਨੂੰ ਦਿੱਲੀ ਵਾਪਸ ਸੱਦਣ ਦਾ ਫੈਸਲਾ ਕੀਤਾ।
3. ਰੂਸ ਦੇ ਹਮਲੇ ਮਗਰੋਂ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ 'ਚ ‘ਮਾਰਸ਼ਲ ਲਾਅ’ ਦਾ ਕੀਤਾ ਐਲਾਨ
ਰੂਸ ਵੱਲੋਂ ਫੌਜੀ ਹਮਲਾ ਸ਼ੁਰੂ ਕਰਨ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦੇਸ਼ ਵਿਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ ਅਤੇ ਨਾਗਰਿਕਾਂ ਨੂੰ ਇਸ ਸਥਿਤੀ ਵਿਚ ਨਾ ਘਬਰਾਉਣ ਦੀ ਅਪੀਲ ਕੀਤੀ ਹੈ।
4. ਰੂਸੀ ਫੌਜ ਨੇ ਗੁਆਂਢੀ ਦੇਸ਼ ਬੇਲਾਰੂਸ ਤੋਂ ਹਮਲਾ ਕੀਤਾ: ਯੂਕ੍ਰੇਨ
ਯੂਕ੍ਰੇਨ ਦੀ ਸਰਹੱਦੀ ਰੱਖਿਆ ਏਜੰਸੀ ਨੇ ਕਿਹਾ ਕਿ ਰੂਸੀ ਬਲਾਂ ਨੇ ਗੁਆਂਢੀ ਦੇਸ਼ ਬੇਲਾਰੂਸ ਤੋਂ ਦੇਸ਼ 'ਤੇ ਹਮਲਾ ਕੀਤਾ। ਏਜੰਸੀ ਨੇ ਕਿਹਾ ਕਿ ਰੂਸੀ ਸੈਨਿਕਾਂ ਨੇ ਬੇਲਾਰੂਸ ਤੋਂ ਤੋਪਾਂ ਰਾਹੀਂ ਗੋਲੇ ਦਾਗੇ। ਯੂਕ੍ਰੇਨ ਦੇ ਸੈਨਿਕ ਵੀ ਜਵਾਬੀ ਗੋਲੀਬਾਰੀ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਫੌਜੀ ਅਭਿਆਸ ਲਈ ਰੂਸ ਨੇ ਆਪਣੇ ਸਹਿਯੋਗੀ ਬੇਲਾਰੂਸ ਵਿਚ ਫੌਜੀਆਂ ਨੂੰ ਤਾਇਨਾਤ ਕੀਤਾ ਹੈ।
5. ਯੂਕ੍ਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੇਨਸਕੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕੀਤੀ ਗੱਲ
ਜ਼ੇਲੇਨਸਕੀ ਨੇ ਕਿਹਾ ਕਿ ਉਨ੍ਹਾਂ ਨੇ ਹੁਣੇ ਹੀ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਗੱਲ ਕੀਤੀ ਹੈ ਅਤੇ ਅਮਰੀਕਾ ਯੂਕ੍ਰੇਨ ਲਈ ਅੰਤਰਰਾਸ਼ਟਰੀ ਸਮਰਥਨ ਇਕੱਠਾ ਕਰ ਰਿਹਾ ਹੈ। ਇਸ ਦੌਰਾਨ, ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਨਵੀਆਂ ਪਾਬੰਦੀਆਂ ਰੂਸ ਨੂੰ ਉਸ ਦੇ ਹਮਲੇ ਲਈ ਸਜ਼ਾ ਦੇਣ ਲਈ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਦਾ ਹਫ਼ਤਿਆਂ ਤੋਂ ਡਰ ਸੀ ਪਰ ਕੂਟਨੀਤੀ ਰਾਹੀਂ ਇਸ ਨੂੰ ਰੋਕਿਆ ਨਹੀਂ ਜਾ ਸਕਿਆ।
6. ਅਮਰੀਕੀ ਰਾਸ਼ਟਰਪਤੀ ਜੋਅ ਬਈਡੇਨ ਦਾ ਬਿਆਨ
ਅਮਰੀਕੀ ਰਾਸ਼ਟਰਪਤੀ ਜੋਅ ਬਈਡੇਨ ਨੇ ਇਕ ਲਿਖਤੀ ਬਿਆਨ ਵਿਚ ਕਿਹਾ, 'ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਕ ਪਹਿਲਾ ਤੋਂ ਯੋਜਨਾਬੱਧ ਯੁੱਧ ਨੂੰ ਚੁਣਿਆ ਹੈ, ਜਿਸਦਾ ਲੋਕਾਂ ਦੇ ਜੀਵਨ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਵੇਗਾ। ਇਸ ਹਮਲੇ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਲਈ ਸਿਰਫ਼ ਰੂਸ ਹੀ ਜ਼ਿੰਮੇਵਾਰ ਹੋਵੇਗਾ। ਦੁਨੀਆ "ਰੂਸ ਦੀ ਜਵਾਬਦੇਹੀ ਤੈਅ ਕਰੇਗੀ।" ਬਾਈਡੇਨ ਨੇ ਕਿਹਾ ਕਿ ਉਹ ਸੱਤ ਨੇਤਾਵਾਂ ਦੇ ਸਮੂਹ ਦੀ ਬੈਠਕ ਤੋਂ ਬਾਅਦ ਵੀਰਵਾਰ ਨੂੰ ਅਮਰੀਕੀ ਲੋਕਾਂ ਨਾਲ ਗੱਲ ਕਰਨ ਦੀ ਯੋਜਨਾ ਬਣਾ ਰਹੇ ਹਨ। ਵੀਰਵਾਰ ਨੂੰ ਰੂਸ ਵਿਰੁੱਧ ਹੋਰ ਪਾਬੰਦੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ।
7. ਰੂਸ ਦੇ ਹਮਲੇ ਦਾ ਯੂਕ੍ਰੇਨ ਵੱਲੋਂ ਕਰਾਰਾ ਜਵਾਬ, 5 ਜਹਾਜ਼ਾਂ ਅਤੇ 1 ਹੈਲੀਕਾਪਟਰ ਨੂੰ ਬਣਾਇਆ ਨਿਸ਼ਾਨਾ
ਰੂਸ ਦੇ ਹਮਲੇ ਮਗਰੋਂ ਯੂਕ੍ਰੇਨ ਦੀ ਫ਼ੌਜ ਰੂਸੀ ਹਥਿਆਰਬੰਦ ਬਲਾਂ ਦੀਆਂ ਕਾਰਵਾਈਆਂ ਦਾ ਢੁਕਵਾਂ ਜਵਾਬ ਦੇ ਰਹੀ ਹੈ ਅਤੇ ਉਸ ਨੇ ਖੇਤਰ ਵਿਚ ਹਮਲਾਵਰਾਂ ਦੇ 5 ਜਹਾਜ਼ਾਂ ਅਤੇ 1 ਹੈਲੀਕਾਪਟਰ ਨੂੰ ਨਿਸ਼ਾਨਾ ਬਣਾਇਆ। ਫ਼ੌਜੀ ਆਪਣੀ ਥਾਂ 'ਤੇ ਕਾਇਮ ਹਨ ਅਤੇ ਦੁਸ਼ਮਣ ਪੱਖ ਨੂੰ ਜਵਾਬੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
8. ਭਾਰਤੀ ਅੰਬੈਸੀ ਨੇ ਜਾਰੀ ਕੀਤੀ ਐਡਵਾਇਜ਼ਰੀ
ਯੂਕ੍ਰੇਨ ਸਥਿਤ ਭਾਰਤੀ ਅੰਬੈਸੀ ਨੇ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਭਾਰਤੀ ਜਿੱਥੇ ਵੀ ਹਨ, ਉਹ ਘਰਾਂ ਦੇ ਅੰਦਰ ਰਹਿਣ। ਮੌਕੇ ਮੁਤਾਬਕ ਅਸੀਂ ਉਹਨਾਂ ਨੂੰ ਸੁਰੱਖਿਅਤ ਕੱਢਣ ਵਿਚ ਮਦਦ ਕਰਾਂਗੇ। ਭਾਵੇਂ ਯੂਕ੍ਰੇਨ ਦਾ ਹਵਾਈ ਖੇਤਰ ਬੰਦ ਹੋ ਗਿਆ ਹੈ ਫਿਰ ਵੀ ਅਸੀਂ ਭਾਰਤੀਆਂ ਤੱਕ ਪਹੁੰਚਣ ਦੀ ਹਰ ਸੰਭਵ ਕੋਸ਼ਿਸ਼ ਜਾਰੀ ਕਰਾਂਗੇ।
9. ਰੂਸ ਵੱਲੋਂ ਯੂਕ੍ਰੇਨ ਦੀ ਹਵਾਈ ਰੱਖਿਆ ਸੰਪਤੀ ਨਸ਼ਟ ਕਰਨ ਦਾ ਦਾਅਵਾ
ਰੂਸ ਨੇ ਕਿਹਾ ਕਿ ਉਸ ਨੇ ਯੂਕ੍ਰੇਨ ਦੀ ਫੌਜੀ ਹਵਾਈ ਰੱਖਿਆ ਸੰਪਤੀਆਂ ਅਤੇ ਫੌਜੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਰੂਸੀ ਹਮਲਿਆਂ ਨੇ "ਯੂਕ੍ਰੇਨੀ ਫੌਜੀ ਹਵਾਈ ਰੱਖਿਆ ਸੰਪਤੀਆਂ ਦੇ ਨਾਲ-ਨਾਲ ਯੂਕ੍ਰੇਨੀ ਫੌਜੀ ਠਿਕਾਣਿਆਂ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ ਹੈ।" ਮੰਤਰਾਲਾ ਨੇ ਯੂਕ੍ਰੇਨ ਵਿਚੋਂ ਲੰਘ ਰਹੇ ਇਕ ਰੂਸੀ ਲੜਾਕੂ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਹੈ।
10. ਭਾਰਤ ਨੇ ਦਿੱਤੀ ਪ੍ਰਤੀਕਿਰਿਆ
ਭਾਰਤ ਨੇ ਮੌਜੂਦਾ ਘਟਨਾਕ੍ਰਮ 'ਤੇ ਆਪਣੀ "ਡੂੰਘੀ ਚਿੰਤਾ" ਜ਼ਾਹਰ ਕੀਤੀ ਅਤੇ ਕਿਹਾ ਕਿ ਜੇਕਰ ਇਸ ਨੂੰ ਸਾਵਧਾਨੀ ਨਾਲ ਨਹੀਂ ਸੰਭਾਲਿਆ ਗਿਆ ਤਾਂ ਇਹ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਕਮਜ਼ੋਰ ਕਰ ਸਕਦਾ ਹੈ। ਭਾਰਤ ਨੇ ਤੁਰੰਤ ਤਣਾਅ ਨੂੰ ਘੱਟ ਕਰਨ ਅਤੇ ਅਜਿਹੀ ਕਿਸੇ ਵੀ ਕਾਰਵਾਈ ਤੋਂ ਬਚਣ ਦੀ ਮੰਗ ਕੀਤੀ, ਜੋ ਸਥਿਤੀ ਨੂੰ ਹੋਰ ਬਦਤਰ ਕਰ ਸਕਦੀ ਹੈ।