ਰੂਸ ਨੇ ਜਾਰੀ ਕੀਤੀ ਉਨ੍ਹਾਂ ਵਿਸ਼ਿਆਂ ਦੀ ਸੂਚੀ, ਜਿਨ੍ਹਾਂ ਦੀ ਭਣਕ ਦੂਜੇ ਦੇਸ਼ਾਂ ਨੂੰ ਨਹੀਂ ਲੱਗਣੀ ਚਾਹੀਦੀ
Saturday, Oct 02, 2021 - 05:17 PM (IST)
ਮਾਸਕੋ (ਭਾਸ਼ਾ) : ਰੂਸ ਦੀ ਮੁੱਖ ਘਰੇਲੂ ਸੁਰੱਖਿਆ ਏਜੰਸੀ ਨੇ ਉਨ੍ਹਾਂ ਵਿਸ਼ਿਆਂ ਦੀ ਇਕ ਵਿਸਤ੍ਰਿਤ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀ ਜਾਣਕਾਰੀ ਹੋਰ ਦੇਸ਼ਾਂ ਨੂੰ ਪ੍ਰਦਾਨ ਕਰਨ ਵਾਲੇ ਕਿਸੇ ਵਿਅਕਤੀ ਦੀ ‘ਵਿਦੇਸ਼ੀ ਏਜੰਟ’ ਵਜੋਂ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ, ਭਾਵੇਂ ਹੀ ਇਹ ਜਾਣਕਾਰੀਆਂ ਦੇਸ਼ ਲਈ ਰਹੱਸ ਨਾ ਹੋਣ।
ਸੰਘੀ ਸੁਰੱਖਿਆ ਸੇਵਾ ਵੱਲੋਂ ਇਕ ਕਰਮਚਾਰੀ ਸੂਚਨਾ ਪੋਰਟਲ ’ਤੇ ਸ਼ੁੱਕਰਵਾਰ ਨੂੰ ਜਾਰੀ ਇਕ ਹੁਕਮ ਵਿਚ ਫ਼ੌਜੀ ਅਤੇ ਪੁਲਾੜ ਪ੍ਰੋਗਰਾਮਾਂ ਨਾਲ ਜੁੜੇ ਵਿਸ਼ਿਆਂ ਦੀ ਇਕ ਸੂਚੀ ਪਾਈ ਗਈ ਹੈ, ਜਿਸ ਵਿਚ ਹਥਿਆਰਬੰਦ ਬਲਾਂ ਦੀ ਸਮਰਥਾ ਵੀ ਸ਼ਾਮਲ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਜਿਹੀ ਜਾਣਕਾਰੀ ਜੇਕਰ ਵਿਦੇਸ਼ੀ ਸਰਕਾਰਾਂ, ਸੰਸਥਾਵਾਂ ਜਾਂ ਵਿਅਕਤੀਆਂ ਨੂੰ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਦਾ ਇਸਤੇਮਾਲ ਰੂਸ ਦੀ ਸੁਰੱਖਿਆ ਖ਼ਿਲਾਫ਼ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਦੀ ਸੂਚੀ ਤਿਆਰ ਕਰਨ ਲਈ ਕਾਨੂੰਨ ਦੇ ਸੋਧੇ ਹੋਏ ਸੰਸਕਰਣ ਦੀ ਮੰਗ ਕੀਤੀ ਗਈ ਸੀ। ਇਹ ਕਾਨੂੰਨ ਵਿਦੇਸ਼ੀ ਧੰਨ ਪ੍ਰਾਪਤ ਕਰਨ ਵਾਲੇ ਸੰਗਠਨਾਂ ਨੂੰ ਵਿਦੇਸ਼ੀ ਏਜੰਟਾਂ ਦੇ ਰੂਪ ਵਿਚ ਵਰਗੀਕ੍ਰਿਤ ਕਰਨ ਦੀ ਵੀ ਵਿਵਸਥਾ ਕਰਦਾ ਹੈ।
‘ਵਿਦੇਸ਼ੀ ਏਜੰਟ’ ਦਾ ਇਹ ਖ਼ਿਤਾਬ ਅਧਿਕਾਰੀਆਂ ਦੀ ਆਲੋਚਨਾ ਕਰਨ ਵਾਲੇ ਕੁੱਝ ਨਾਗਰਿਕ ਸੰਗਠਨਾਂ ਅਤੇ ਮੀਡੀਆ ’ਤੇ ਲਾਗੂ ਕੀਤਾ ਗਿਆ ਹੈ। ਸੰਸਦ ਦੇ ਉਪਰੀ ਸਦਨ ਵਿਚ ਸੂਬਾ ਪ੍ਰਭੂਸੱਤਾ ਸੁਰੱਖਿਆ ਕਮੇਟੀ ਦੇ ਮੁਖੀ ਆਂਦ੍ਰੇਈ ਕਲਿਮੋਵ ਨੇ ਕਿਹਾ ਕਿ ‘ਕਾਨੂੰਨ ਦੀਆਂ ਇਨ੍ਹਾਂ ਵਿਵਸਥਾਵਾਂ ਦਾ ਪ੍ਰਗਟਾਵੇ ਦੀ ਆਜ਼ਾਦੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।’ ਉਨ੍ਹਾਂ ਕਿਹਾ, ‘ਅਸੀਂ ਕਿਸੇ ਦੂਜੇ ਦੇਸ਼ ਜਾਂ ਵਿਦੇਸ਼ੀ ਸੰਰਚਾਨਾਵਾਂ ਨੂੰ ਦੇਣ ਦੇ ਮਕਸਦ ਨਾਲ ਸੂਚਨਾ ਦੇ ਨਿਰੰਤਰ, ਯੋਜਨਾਬੱਧ ਸੰਗ੍ਰਹਿ ਦੇ ਬਾਰੇ ਵਿਚ ਗੱਲ ਕਰ ਰਹੇ ਹਨ।’