ਟਰੰਪ ਵੱਲੋਂ ਯੂਕ੍ਰੇਨ ਨੂੰ ਟੌਮਹੌਕ ਮਿਜ਼ਾਈਲਾਂ ਦੇਣ ਦੀ ਧਮਕੀ ਤੋਂ ਬਾਅਦ ਰੂਸ ਨੇ ਦਿੱਤਾ ਠੋਕਵਾਂ ਜਵਾਬ
Tuesday, Oct 14, 2025 - 01:23 PM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਯੂਕ੍ਰੇਨ ਤੇ ਰੂਸ ਦੀ ਜੰਗ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਯੂਕ੍ਰੇਨ ਨੂੰ ਲੰਬੀ ਦੂਰੀ ਦੀਆਂ ਟੌਮਹੌਕ ਮਿਜ਼ਾਈਲਾਂ ਦੇਣ ਦੀ ਧਮਕੀ ਦੇਣ ਤੋਂ ਬਾਅਦ ਰੂਸ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਰੂਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਮਿਜ਼ਾਈਲਾਂ ਯੂਕ੍ਰੇਨ ਨੂੰ ਸਪਲਾਈ ਕੀਤੀਆਂ ਗਈਆਂ ਤਾਂ ਇਸ ਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ।
ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਵਰਤਮਾਨ ਉਪ-ਪ੍ਰਧਾਨ ਦਮਿਤ੍ਰੀ ਮੇਦਵੇਦੇਵ ਨੇ ਚਿਤਾਵਨੀ ਦਿੱਤੀ ਕਿ ਰੂਸ ਦੇ ਅੰਦਰੂਨੀ ਇਲਾਕਿਆਂ 'ਤੇ ਹਮਲੇ ਲਈ ਟੌਮਹੌਕ ਕਰੂਜ਼ ਮਿਜ਼ਾਈਲਾਂ ਦੀ ਸਪਲਾਈ ਸਾਰੇ ਪੱਖਾਂ ਲਈ ਵਿਨਾਸ਼ਕਾਰੀ ਹੋ ਸਕਦੀ ਹੈ। ਮੇਦਵੇਦੇਵ ਨੇ ਇਹ ਵੀ ਕਿਹਾ ਕਿ ਟੌਮਹੌਕ ਦੇ ਐਟੋਮਿਕ ਵਰਜ਼ਨ ਅਤੇ ਰਵਾਇਤੀ ਵਰਜ਼ਨ ਵਿਚਕਾਰ ਫਰਕ ਕਰਨਾ ਅਸੰਭਵ ਹੈ ਅਤੇ ਇਨ੍ਹਾਂ ਦੀ ਪ੍ਰੋਗਰਾਮਿੰਗ ਅਤੇ ਲਾਂਚਿੰਗ ਅਮਰੀਕਾ ਵੱਲੋਂ ਕੰਟਰੋਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ''ਨੋਬਲ ਲਈ ਨਹੀਂ, ਲੋਕਾਂ ਦੀ ਜਾਨ ਬਚਾਉਣ ਲਈ...'' , ਟਰੰਪ ਨੇ ਮੁੜ ਲਿਆ ਭਾਰਤ-ਪਾਕਿ ਜੰਗ ਰੁਕਵਾਉਣ ਦਾ ਕ੍ਰੈਡਿਟ
ਕ੍ਰੇਮਲਿਨ ਦੇ ਬੁਲਾਰੇ ਦਮਿਤ੍ਰੀ ਪੇਸਕੋਵ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਨ੍ਹਾਂ ਅਤਿ-ਆਧੁਨਿਕ ਮਿਜ਼ਾਈਲਾਂ ਦੇ ਸੰਚਾਲਨ ਲਈ ਲਾਜ਼ਮੀ ਤੌਰ 'ਤੇ ਅਮਰੀਕੀ ਮਾਹਿਰਾਂ ਦੀ ਭਾਗੀਦਾਰੀ ਦੀ ਲੋੜ ਹੋਵੇਗੀ, ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪਹਿਲਾਂ ਵੀ ਕਿਹਾ ਸੀ ਕਿ ਇਨ੍ਹਾਂ ਮਿਜ਼ਾਈਲਾਂ ਨੂੰ ਅਮਰੀਕੀਆਂ ਦੁਆਰਾ ਹੀ ਲਾਂਚ ਕੀਤਾ ਜਾਵੇਗਾ ਅਤੇ ਇਸ ਨਾਲ ਦੋਵਾਂ ਦੇਸ਼ਾਂ ਦੇ ਪਹਿਲਾਂ ਤੋਂ ਹੀ ਖਰਾਬ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚੇਗਾ।
ਜ਼ਿਕਰਯੋਗ ਹੈ ਕਿ ਟੌਮਹੌਕ ਨੂੰ ਅਮਰੀਕਾ ਦੀਆਂ ਸਭ ਤੋਂ ਖਤਰਨਾਕ ਮਿਜ਼ਾਈਲਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਇਹ ਇੱਕ ਕਰੂਜ਼ ਮਿਜ਼ਾਈਲ ਹੈ ਜੋ ਰਡਾਰ ਅਤੇ ਏਅਰ ਡਿਫੈਂਸ ਸਿਸਟਮ ਨੂੰ ਝਕਾਨੀ ਦੇਣ ਵਿੱਚ ਸਮਰੱਥ ਹੈ। ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ 2000 ਕਿਲੋਮੀਟਰ ਦੂਰ ਤੋਂ ਵੀ ਲਾਂਚ ਕੀਤਾ ਜਾ ਸਕਦਾ ਹੈ ਅਤੇ ਜੇ ਟਾਰਗੇਟ ਆਪਣੀ ਜਗ੍ਹਾ ਬਦਲਦਾ ਹੈ ਤਾਂ ਇਸ ਨੂੰ ਹਵਾ ਵਿੱਚ ਵੀ ਗਾਈਡ ਕਰਕੇ ਵੀ ਉਸ ਨੂੰ ਤਬਾਹ ਕੀਤਾ ਜਾ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e