ਰੂਸ 'ਚ ਇਕ ਹਫਤੇ ਦੇ ਅੰਦਰ ਫੌਜ ਦਾ ਦੂਜਾ ਹੈਲੀਕਾਪਟਰ ਹਾਦਸਾਗ੍ਰਸਤ, 4 ਲੋਕਾਂ ਦੀ ਮੌਤ
Tuesday, May 26, 2020 - 11:51 AM (IST)
ਮਾਸਕੋ (ਵਾਰਤਾ) : ਰੂਸ ਵਿਚ ਅੱਜ ਯਾਨੀ ਮੰਗਲਵਾਰ ਨੂੰ ਫੌਜ ਦਾ ਇਕ ਹੋਰ ਹੈਲੀਕਾਪਟਰ ਐੱਮ.ਆਈ-8 ਪੂਰਬੀ ਖੇਤਰ ਚੁਕੋਤਕਾ ਵਿਚ ਹਵਾਈਅੱਡੇ 'ਤੇ ਲੈਂਡਿੰਗ ਦੌਰਾਨ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਵਿਚ ਸਵਾਰ 4 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਪਿਛਲੇ ਇਕ ਹਫਤੇ ਦੇ ਅੰਦਰ ਫੌਜ ਦਾ ਇਹ ਦੂਜਾ ਐੱਮ.ਆਈ-8 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ।
ਰੱਖਿਆ ਮੰਤਰਾਲਾ ਨੇ ਦੱਸਿਆ ਕਿ ਤਕਨੀਕੀ ਖਰਾਬੀ ਕਾਰਨ ਐੱਮ.ਆਈ.-8 ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ। ਚੁਕੋਤਕਾ ਦੇ ਗਵਰਨਰ ਮੁਤਾਬਕ ਹਾਦਸੇ ਵਿਚ ਹੈਲੀਕਾਪਟਰ ਵਿਚ ਸਵਾਰ ਚਾਲਕ ਦਲ ਦੇ 3 ਮੈਂਬਰ ਅਤੇ 1 ਤਕਨੀਕੀ ਮਾਹਰ ਮਾਰਿਆ ਗਿਆ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 19 ਮਈ ਨੂੰ ਵੀ ਜਦੋਂ ਹਾਦਸਾ ਹੋਇਆ ਸੀ ਉਸ ਦਿਨ ਵੀ ਮੰਗਲਵਾਰ ਹੀ ਸੀ। ਇਕ ਹਫਤਾ ਪਹਿਲਾਂ ਵੀ ਮਾਸਕੋ ਦੇ ਉੱਤਰ ਵਿਚ ਫੌਜ ਦਾ ਇਕ ਐੱਮ.ਆਈ.-8 ਹੈਲੀਕਾਪਟਰ ਸੁੰਨਸਾਨ ਇਲਾਕੇ ਵਿਚ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿਚ ਸਾਰੇ ਕਰੂ ਮੈਂਬਰਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਉਦੋਂ ਕਿਹਾ ਸੀ ਕਿ ਹਾਦਸੇ ਦਾ ਕਾਰਨ ਤਕਨੀਕੀ ਖਰਾਬੀ ਹੋ ਸਕਦਾ ਹੈ।