ਰੂਸ ਨੇ ਮੱਧ ਅਤੇ ਦੱਖਣੀ ਖੇਤਰਾਂ ''ਚ ਉਡਾਣਾਂ ''ਤੇ ਲੱਗੀ ਪਾਬੰਦੀ 7 ਮਈ ਤੱਕ ਵਧਾਈ
Friday, Apr 29, 2022 - 02:58 PM (IST)
ਮਾਸਕੋ (ਏਜੰਸੀ)- ਰੂਸ ਨੇ ਯੂਕ੍ਰੇਨ ਦੀ ਸਰਹੱਦ ਨਾਲ ਲੱਗੇ ਆਪਣੇ ਦੱਖਣੀ ਅਤੇ ਮੱਧ ਹਿੱਸਿਆਂ ਵਿਚ 11 ਹਵਾਈ ਅੱਡਿਆਂ ਲਈ ਉਡਾਣਾਂ 'ਤੇ ਅਸਥਾਈ ਪਾਬੰਦੀ ਦੀ ਮਿਆਦ 7 ਮਈ ਤੱਕ ਵਧਾ ਦਿੱਤੀ ਹੈ। ਰੂਸੀ ਹਵਾਈ ਟਰਾਂਸਪੋਰਟ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ 11 ਰੂਸੀ ਹਵਾਈ ਅੱਡਿਆਂ 'ਤੇ ਅਸਥਾਈ ਉਡਾਣ ਪਾਬੰਦੀਆਂ ਨੂੰ 7 ਮਈ ਤੜਕੇ 3:45 ਵਜੇ (ਰੂਸੀ ਸਮੇਂ ਮੁਤਾਬਕ) ਤੱਕ ਵਧਾ ਦਿੱਤਾ ਗਿਆ ਹੈ।
ਇਹ ਪਾਬੰਦੀਆਂ ਅਨਾਪਾ, ਬੇਲਗੋਰੋਡ, ਬ੍ਰਾਂਸਕ, ਵੋਰੋਨਿਸ਼, ਗੇਲੇਂਦਜਿਕ, ਕ੍ਰਾਸਨੋਦਾਰ, ਕੁਸਕਰ, ਲਿਪੇਟਸਕ, ਰੋਸਤੋਵ-ਆਨ-ਡਾਨ, ਸਿਮਫਰੋਪੋਲ ਅਤੇ ਏਲਿਸਤਾ ਸ਼ਹਿਰਾਂ ਦੇ ਹਵਾਈ ਅੱਡਿਆਂ 'ਤੇ ਲਾਗੂ ਕੀਤੀਆਂ ਗਈਆਂ ਹਨ। ਰੂਸੀ ਏਅਰਲਾਈਨਜ਼ ਨੂੰ ਸੋਚੀ, ਵੋਲਗੋਗਰਾਦ, ਮਿਲਰਲਨੀ ਵੋਡੀ, ਸਤਾਵਰੋਪੋਲ ਅਤੇ ਮਾਸਕੋ ਦੇ ਹਵਾਈ ਅੱਡਿਆਂ ਦੀ ਵਰਤੋਂ ਕਰਕੇ ਬਦਲਵੇਂ ਰੂਟਾਂ 'ਤੇ ਯਾਤਰੀਆਂ ਦੀ ਆਵਾਜਾਈ ਦਾ ਪ੍ਰਬੰਧ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ ਵਿਚ ਰੂਸ ਦੇ ਫ਼ੌਜੀ ਅਭਿਆਨ ਦੀ ਸ਼ੁਰੂਆਤ ਦੇ ਬਾਅਦ 24 ਫਰਵਰੀ ਨੂੰ ਰੋਸਾਵਿਯਾਤਸਿਆ ਨੇ ਇਨ੍ਹਾਂ ਪਾਬੰਦੀਆਂ ਦੀ ਸ਼ੁਰੂਆਤ ਕੀਤੀ ਸੀ।