ਰੂਸ ਨੇ ਜਾਸੂਸੀ ਦੇ ਦੋਸ਼ ’ਚ ਬ੍ਰਿਟਿਸ਼ ਡਿਪਲੋਮੈਟ ਨੂੰ ਕੱਢਿਆ
Wednesday, Nov 27, 2024 - 02:13 AM (IST)
ਮਾਸਕੋ - ਯੂਕ੍ਰੇਨ ’ਚ ਸੰਘਰਸ਼ ਕਾਰਨ ਵਧੇ ਤਣਾਅ ਦਰਮਿਆਨ ਰੂਸੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਜਾਸੂਸੀ ਦੇ ਦੋਸ਼ ’ਚ ਇਕ ਬ੍ਰਿਟਿਸ਼ ਡਿਪਲੋਮੈਟ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਰੂਸ ਦੀ ਚੋਟੀ ਦੀ ਘਰੇਲੂ ਸੁਰੱਖਿਆ ਅਤੇ ਵਿਰੋਧੀ ਖੁਫੀਆ ਏਜੰਸੀ ‘ਫੈਡਰਲ ਸੁਰੱਖਿਆ ਸੇਵਾ’ ਨੇ ਰੂਸੀ ਨਿਊਜ਼ ਏਜੰਸੀਆਂ ਵੱਲੋਂ ਦਿੱਤੇ ਗਏ ਇਕ ਬਿਆਨ ’ਚ ਕਿਹਾ ਕਿ ਡਿਪਲੋਮੈਟ ਨੇ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ ਮੰਗਣ ਵੇਲੇ ਗਲਤ ਨਿੱਜੀ ਜਾਣਕਾਰੀ ਪ੍ਰਦਾਨ ਕੀਤੀ ਸੀ। ਐੱਫ.ਐੱਸ.ਬੀ. ਵਜੋਂ ਜਾਣੀ ਜਾਂਦੀ ਏਜੰਸੀ ਨੇ ਦੋਸ਼ ਲਾਇਆ ਹੈ ਕਿ ਉਸ ਨੇ ਕੂਟਨੀਤਕ ਸੁਰੱਖਿਆ ਤਹਿਤ ਬ੍ਰਿਟਿਸ਼ ਖੁਫੀਆ ਏਜੰਸੀ ਲਈ ਕੰਮ ਕੀਤਾ ਅਤੇ ਅਗਸਤ ’ਚ ਰੂਸ ਤੋਂ ਕੱਢੇ ਗਏ 6 ਬ੍ਰਿਟਿਸ਼ ਡਿਪਲੋਮੈਟਾਂ ’ਚੋਂ ਇਕ ਦੀ ਥਾਂ ਲੈ ਲਈ।
ਐੱਫ.ਐੱਸ.ਬੀ. ਨੇ ਦੋਸ਼ ਲਾਇਆ ਕਿ ਡਿਪਲੋਮੈਟ ‘ਖੁਫੀਆ ਅਤੇ ਵਿਨਾਸ਼ਕਾਰੀ ਸਰਗਰਮੀਆਂ ’ਚ ਸ਼ਾਮਲ ਸੀ, ਜਿਸ ਨਾਲ ਰੂਸੀ ਸੰਘ ਦੀ ਸੁਰੱਖਿਆ ਨੂੰ ਖਤਰਾ ਹੈ।’ ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਨ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਡਿਪਲੋਮੈਟ ਦੀ ਮਾਨਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਉਸ ਨੂੰ ਦੋ ਹਫਤਿਆਂ ਅੰਦਰ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਬ੍ਰਿਟਿਸ਼ ਡਿਪਲੋਮੈਟ ਨੂੰ ਨੋਟਿਸ ਦੇਣ ਲਈ ਤਲਬ ਕੀਤਾ ਹੈ। ਇਸ ਘਟਨਾ ’ਤੇ ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫਤਰ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ।