ਰੂਸ ਨੇ ਆਰਕਟਿਕ ’ਚ ਤੇਲ ਕੱਢਣਾ ਕੀਤਾ ਸ਼ੁਰੂ, ਭਾਰਤ ਦੀ ਹੋਰਮੁਜ਼ ’ਤੇ ਘਟੇਗੀ ਨਿਰਭਰਤਾ

Friday, Sep 11, 2026 - 02:38 AM (IST)

ਰੂਸ ਨੇ ਆਰਕਟਿਕ ’ਚ ਤੇਲ ਕੱਢਣਾ ਕੀਤਾ ਸ਼ੁਰੂ, ਭਾਰਤ ਦੀ ਹੋਰਮੁਜ਼ ’ਤੇ ਘਟੇਗੀ ਨਿਰਭਰਤਾ

ਮਾਸਕੋ - ਅਮਰੀਕਾ ਅਤੇ ਯੂਰਪੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਰੂਸ ਨੇ ਆਰਕਟਿਕ ਇਲਾਕੇ ਵਿਚ ਆਪਣੇ ਵੱਡੇ ‘ਵੋਸਤੋਕ ਆਇਲ’ ਪ੍ਰਾਜੈਕਟ ਤੋਂ ਤੇਲ ਕੱਢਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪਹਿਲੀ ਖੇਪ ਦੀ ਲੋਡਿੰਗ ਨੂੰ ਹਰੀ ਝੰਡੀ ਦਿਖਾਈ। ਰੂਸ ਦਾ ਟੀਚਾ 2027 ਦੀ ਦੂਜੀ ਛਿਮਾਹੀ ਤੱਕ ਇਸ ਪ੍ਰਾਜੈਕਟ ਤੋਂ ਸਾਲਾਨਾ 3 ਕਰੋੜ ਟਨ ਕੱਚਾ ਤੇਲ ਕੱਢਣਾ ਹੈ। ਪੁਤਿਨ ਦਾ ਇਹ ਪ੍ਰਾਜੈਕਟ ਉੱਤਰੀ ਸਾਇਬੇਰੀਆ ਦੇ ਤੈਮੀਰ ਇਲਾਕੇ ਵਿਚ ਹੈ। ਇਸ ਵਿਚ ਵਾਨਕੋਰ ਅਤੇ ਪਾਯਾਖਾ ਸਮੇਤ ਕਈ ਤੇਲ ਖੇਤਰ ਜੁੜੇ ਹੋਏ ਹਨ। ਪ੍ਰਾਜੈਕਟ ਨਾਲ ਜੁੜੀ ਵਾਨਕੋਰਨੇਫਟ ਕੰਪਨੀ ਵਿਚ 4 ਭਾਰਤੀ ਸਰਕਾਰੀ ਕੰਪਨੀਆਂ ਦੀ ਸਾਂਝੀ ਹਿੱਸੇਦਾਰੀ 49.9 ਫੀਸਦੀ ਹੈ। ਇਨ੍ਹਾਂ ਵਿਚ ਓ. ਐੱਨ. ਜੀ. ਸੀ. ਵਿਦੇਸ਼, ਇੰਡੀਅਨ ਆਇਲ, ਆਇਲ ਇੰਡੀਆ ਅਤੇ ਭਾਰਤ ਪੈਟਰੋ ਰਿਸੋਰਸਿਜ਼ ਸ਼ਾਮਲ ਹਨ।

ਇਸ ਪ੍ਰਾਜੈਕਟ ਤੋਂ ਨਿਕਲਿਆ ਤੇਲ 790 ਕਿਲੋਮੀਟਰ ਲੰਬੀ ਪਾਈਪਲਾਈਨ ਰਾਹੀਂ ਕਾਰਾ ਸਾਗਰ ਦੇ ਬੁਖਤਾ ਸੇਵੇਰ ਟਰਮੀਨਲ ਤੱਕ ਪਹੁੰਚਾਇਆ ਜਾਵੇਗਾ। ਉੱਥੋਂ ਤੇਲ ਨੂੰ ਟੈਂਕਰਾਂ ’ਚ ਭਰ ਕੇ ਦੂਜੇ ਦੇਸ਼ਾਂ ਨੂੰ ਭੇਜਿਆ ਜਾਵੇਗਾ। ਕੰਪਨੀ ਮੁਤਾਬਕ ਇਸ ਖੇਤਰ ਵਿਚ ਲੱਗਭਗ 700 ਕਰੋੜ ਟਨ ਤੇਲ ਦਾ ਭੰਡਾਰ ਹੋ ਸਕਦਾ ਹੈ। ਰੂਸ ਤੋਂ ਭਾਰਤ ਆਉਣ ਵਾਲੇ ਤੇਲ ਦੇ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਤੋਂ ਹੋ ਕੇ ਨਹੀਂ ਲੰਘਣਾ ਪਵੇਗਾ। ਇਸ ਲਈ ਇਸ ਪ੍ਰਾਜੈਕਟ ਨੂੰ ਭਾਰਤ ਲਈ ਖਾੜੀ ਦੇਸ਼ਾਂ ਤੋਂ ਤੇਲ ਦਾ ਇਕ ਨਵਾਂ ਬਦਲ ਮੰਨਿਆ ਜਾ ਰਿਹਾ ਹੈ।

ਹੋਰਮੁਜ਼ ਤੋਂ ਆ ਰਿਹਾ ਭਾਰਤ ਦਾ 50 ਫੀਸਦੀ ਤੇਲ
ਭਾਰਤ ਆਪਣੀ ਲੋੜ ਦਾ ਲੱਗਭਗ 50 ਫੀਸਦੀ ਕੱਚਾ ਤੇਲ ਹੋਰਮੁਜ਼ ਸਟ੍ਰੇਟ ਦੇ ਰਸਤੇ ਮੰਗਵਾਉਂਦਾ ਹੈ। ਜਨਵਰੀ-ਫ਼ਰਵਰੀ 2026 ਵਿਚ ਇਸ ਰਸਤੇ ਤੋਂ ਭਾਰਤ ਨੂੰ ਰੋਜ਼ਾਨਾ ਲੱਗਭਗ 26 ਲੱਖ ਬੈਰਲ ਕੱਚਾ ਤੇਲ ਮਿਲਿਆ। ਇਹ ਤੇਲ ਜ਼ਿਆਦਾਤਰ ਇਰਾਕ, ਸਾਊਦੀ ਅਰਬ, ਯੂ. ਏ. ਈ. ਅਤੇ ਕੁਵੈਤ ਤੋਂ ਆਉਂਦਾ ਹੈ। ਨਵੰਬਰ-ਦਸੰਬਰ 2025 ਵਿਚ ਹੋਰਮੁਜ਼ ਦੇ ਰਸਤੇ ਭਾਰਤ ਦੇ ਕੁੱਲ ਕੱਚੇ ਤੇਲ ਦੀ ਦਰਾਮਦ ਦਾ ਲੱਗਭਗ 40 ਫੀਸਦੀ ਆਉਂਦਾ ਸੀ, ਜੋ ਜਨਵਰੀ-ਫ਼ਰਵਰੀ ਵਿਚ ਵਧ ਕੇ ਲੱਗਭਗ 50 ਫੀਸਦੀ ਹੋ ਗਿਆ। ਅਜਿਹੇ ਵਿਚ ਅੰਦਾਜ਼ਾ ਹੈ ਕਿ ਰੂਸ ਦੇ ਆਰਕਟਿਕ ਪ੍ਰਾਜੈਕਟ ਤੋਂ ਬਾਅਦ ਭਾਰਤ ਦੀ ਹੋਰਮੁਜ਼ ’ਤੇ ਨਿਰਭਰਤਾ ਅੱਧੀ ਹੋ ਸਕਦੀ ਹੈ।
 


author

Inder Prajapati

Content Editor

Related News