ਰੂਸ ਵੱਲੋਂ ਯੂਕਰੇਨ ‘ਤੇ ਵੱਡਾ ਹਵਾਈ ਹਮਲਾ! ਵਰਤੇ 650 ਤੋਂ ਵੱਧ ਡਰੋਨ ਤੇ ਮਿਸਾਈਲਾਂ, ਤਿੰਨ ਮੌਤਾਂ

Tuesday, Dec 23, 2025 - 06:01 PM (IST)

ਰੂਸ ਵੱਲੋਂ ਯੂਕਰੇਨ ‘ਤੇ ਵੱਡਾ ਹਵਾਈ ਹਮਲਾ! ਵਰਤੇ 650 ਤੋਂ ਵੱਧ ਡਰੋਨ ਤੇ ਮਿਸਾਈਲਾਂ, ਤਿੰਨ ਮੌਤਾਂ

ਕੀਵ (ਏਪੀ) : ਰੂਸ ਨੇ ਸੋਮਵਾਰ ਰਾਤ ਯੂਕਰੇਨ ‘ਤੇ ਵੱਡੇ ਪੱਧਰ ‘ਤੇ ਹਵਾਈ ਹਮਲਾ ਕਰਦੇ ਹੋਏ 650 ਤੋਂ ਵੱਧ ਡਰੋਨ ਤੇ ਤਿੰਨ ਦਰਜਨ ਤੋਂ ਜ਼ਿਆਦਾ ਮਿਸਾਈਲਾਂ ਦਾਗੀਆਂ। ਇਹ ਹਮਲਾ ਰਾਤ ਦੌਰਾਨ ਸ਼ੁਰੂ ਹੋਇਆ ਤੇ ਮੰਗਲਵਾਰ ਦਿਨ ਤੱਕ ਜਾਰੀ ਰਿਹਾ। ਇਸ ਹਮਲੇ ਵਿੱਚ ਚਾਰ ਸਾਲਾ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਇਸ ਬੰਬਾਰੀ ਦੌਰਾਨ ਦੇਸ਼ ਦੇ 13 ਖੇਤਰਾਂ ਵਿੱਚ ਰਹਾਇਸ਼ੀ ਘਰਾਂ ਅਤੇ ਬਿਜਲੀ ਗ੍ਰਿਡ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਕਾਰਨ ਕੜਾਕੇ ਦੀ ਠੰਡ 'ਚ ਵੱਡੇ ਪੱਧਰ ‘ਤੇ ਬਿਜਲੀ ਸਪਲਾਈ ਠੱਪ ਹੋ ਗਈ, ਜਿਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੋਈ ਹੈ।

ਜ਼ੇਲੈਂਸਕੀ ਨੇ ਟੈਲੀਗ੍ਰਾਮ ‘ਤੇ ਕੀਤੀ ਪੋਸਟ 'ਚ ਕਿਹਾ ਕਿ ਇਹ ਹਮਲਾ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਯੂਕਰੇਨ ਖ਼ਿਲਾਫ਼ ਜੰਗ ਜਾਰੀ ਰੱਖਣ ਦੇ ਇਰਾਦੇ ਨੂੰ ਸਾਫ਼ ਤੌਰ ‘ਤੇ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨੀ ਅਤੇ ਯੂਰਪੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਪੁਤਿਨ ਅਮਰੀਕਾ ਦੀ ਅਗਵਾਈ ਹੇਠ ਚੱਲ ਰਹੀਆਂ ਸ਼ਾਂਤੀ ਕੋਸ਼ਿਸ਼ਾਂ ਵਿੱਚ ਗੰਭੀਰਤਾ ਨਹੀਂ ਦਿਖਾ ਰਹੇ।

ਜ਼ੇਲੈਂਸਕੀ ਨੇ ਕਿਹਾ ਕਿ ਇਹ ਹਮਲਾ ਰੂਸ ਦੀਆਂ ਤਰਜੀਹਾਂ ਦਾ ਬਿਲਕੁਲ ਸਪੱਸ਼ਟ ਸੰਕੇਤ ਹੈ। ਕ੍ਰਿਸਮਸ ਤੋਂ ਠੀਕ ਪਹਿਲਾਂ, ਜਦੋਂ ਲੋਕ ਆਪਣੇ ਪਰਿਵਾਰਾਂ ਨਾਲ ਘਰਾਂ 'ਚ ਸੁਰੱਖਿਅਤ ਰਹਿਣਾ ਚਾਹੁੰਦੇ ਹਨ, ਉਸ ਵੇਲੇ ਇੰਨਾ ਵੱਡਾ ਹਮਲਾ ਕੀਤਾ ਗਿਆ। ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਇਸ ਜੰਗ ਨੂੰ ਖਤਮ ਕਰਨ ਲਈ ਗੱਲਬਾਤ ਦੇ ਯਤਨ ਜਾਰੀ ਹਨ। ਪੁਤਿਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਕਿ ਹੁਣ ਹੱਤਿਆਵਾਂ ਰੋਕਣੀਆਂ ਲਾਜ਼ਮੀ ਹਨ।


author

Baljit Singh

Content Editor

Related News