"ਮੇਰੇ ਕਾਰਨ ਬਚਿਆ ਯੂਕਰੇਨ!" ਟਰੰਪ ਦਾ ਵੱਡਾ ਦਾਅਵਾ, ਨਾਟੋ ਦੇਸ਼ਾਂ ਨੂੰ ਵੀ ਦੇ'ਤੀ ਸਿੱਧੀ ਚਿਤਾਵਨੀ

Wednesday, Jan 07, 2026 - 09:11 PM (IST)

"ਮੇਰੇ ਕਾਰਨ ਬਚਿਆ ਯੂਕਰੇਨ!" ਟਰੰਪ ਦਾ ਵੱਡਾ ਦਾਅਵਾ, ਨਾਟੋ ਦੇਸ਼ਾਂ ਨੂੰ ਵੀ ਦੇ'ਤੀ ਸਿੱਧੀ ਚਿਤਾਵਨੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾਟੋ (NATO) ਅਤੇ ਵਿਸ਼ਵ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ। 'ਦ ਡੀਜੇਟੀ ਡਾਕਟਰੀਨ: ਨਾਟੋ ਐਂਡ ਗਲੋਬਲ ਸਿਕਿਉਰਿਟੀ' (The DJT Doctrine) ਦੇ ਹਵਾਲੇ ਨਾਲ ਸਾਹਮਣੇ ਆਏ ਇਸ ਬਿਆਨ ਵਿੱਚ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਅੱਜ ਨਾਟੋ ਦੇਸ਼ ਆਪਣੇ ਹਿੱਸੇ ਦਾ ਪੂਰਾ ਭੁਗਤਾਨ ਕਰ ਰਹੇ ਹਨ।
ਸੂਤਰਾਂ ਅਨੁਸਾਰ ਟਰੰਪ ਦੇ ਇਸ ਬਿਆਨ ਦੇ ਮੁੱਖ ਅੰਸ਼ ਹੇਠ ਲਿਖੇ ਹਨ:

ਨਾਟੋ ਦੇਸ਼ਾਂ ਦੇ ਬਜਟ ਵਿੱਚ ਵੱਡਾ ਵਾਧਾ 
ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਨਾਟੋ ਦੇਸ਼ ਆਪਣੀ ਜੀਡੀਪੀ (GDP) ਦਾ ਸਿਰਫ਼ 2% ਖਰਚ ਕਰ ਰਹੇ ਸਨ ਅਤੇ ਆਪਣੇ ਬਿੱਲਾਂ ਦਾ ਭੁਗਤਾਨ ਵੀ ਨਹੀਂ ਕਰ ਰਹੇ ਸਨ, ਜਦਕਿ ਅਮਰੀਕਾ ਮੂਰਖਤਾਪੂਰਵਕ ਉਨ੍ਹਾਂ ਦਾ ਖਰਚਾ ਚੁੱਕ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਖਰਚੇ ਨੂੰ ਵਧਾ ਕੇ 5% GDP ਤੱਕ ਪਹੁੰਚਾਇਆ ਹੈ ਅਤੇ ਹੁਣ ਸਾਰੇ ਦੇਸ਼ ਤੁਰੰਤ ਭੁਗਤਾਨ ਕਰ ਰਹੇ ਹਨ।

ਰੂਸ, ਚੀਨ ਅਤੇ ਯੂਕਰੇਨ 'ਤੇ ਵੱਡਾ ਦਾਅਵਾ 
ਰਾਸ਼ਟਰਪਤੀ ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਦਖਲ ਨਾ ਦਿੰਦੇ ਤਾਂ ਰੂਸ ਨੇ ਹੁਣ ਤੱਕ ਪੂਰੇ ਯੂਕਰੇਨ 'ਤੇ ਕਬਜ਼ਾ ਕਰ ਲਿਆ ਹੁੰਦਾ। ਉਨ੍ਹਾਂ ਮੁਤਾਬਕ, ਰੂਸ ਅਤੇ ਚੀਨ ਦੇ ਮਨ ਵਿੱਚ ਅਮਰੀਕਾ ਤੋਂ ਬਿਨਾਂ ਨਾਟੋ ਦਾ ਕੋਈ ਡਰ ਨਹੀਂ ਹੈ। ਦੁਨੀਆ ਦੀਆਂ ਇਹ ਸ਼ਕਤੀਆਂ ਸਿਰਫ਼ ਉਸ ਅਮਰੀਕੀ ਫੌਜ ਦਾ ਸਨਮਾਨ ਅਤੇ ਡਰ ਕਰਦੀਆਂ ਹਨ, ਜਿਸ ਦਾ ਨਿਰਮਾਣ ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਕੀਤਾ ਹੈ।

8 ਜੰਗਾਂ ਖ਼ਤਮ ਕਰਨ ਅਤੇ ਨੋਬਲ ਪੁਰਸਕਾਰ ਦਾ ਜ਼ਿਕਰ 
ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਕੱਲੇ ਦਮ 'ਤੇ 8 ਜੰਗਾਂ ਖ਼ਤਮ ਕੀਤੀਆਂ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ। ਉਨ੍ਹਾਂ ਨਾਰਵੇ (ਨਾਟੋ ਮੈਂਬਰ) 'ਤੇ ਤਨਜ਼ ਕਸਦਿਆਂ ਕਿਹਾ ਕਿ ਉਨ੍ਹਾਂ ਨੇ ਮੈਨੂੰ 'ਨੋਬਲ ਸ਼ਾਂਤੀ ਪੁਰਸਕਾਰ' ਨਹੀਂ ਦਿੱਤਾ, ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰਾ ਮਕਸਦ ਲੋਕਾਂ ਨੂੰ ਬਚਾਉਣਾ ਸੀ।

ਨਾਟੋ ਦੀ ਵਫ਼ਾਦਾਰੀ 'ਤੇ ਸ਼ੱਕ 
ਉਨ੍ਹਾਂ ਨੇ ਨਾਟੋ ਦੀ ਵਫ਼ਾਦਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੇਕਰ ਅਮਰੀਕਾ ਨੂੰ ਲੋੜ ਪਈ ਤਾਂ ਨਾਟੋ ਦੇਸ਼ ਉਸ ਦੀ ਮਦਦ ਲਈ ਅੱਗੇ ਆਉਣਗੇ। ਫਿਰ ਵੀ ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕਾ ਹਮੇਸ਼ਾ ਨਾਟੋ ਦੇ ਨਾਲ ਖੜ੍ਹਾ ਰਹੇਗਾ। ਅਖੀਰ ਵਿੱਚ ਉਨ੍ਹਾਂ ਨੇ ਆਪਣੇ ਮਸ਼ਹੂਰ ਨਾਅਰੇ 'ਮੇਕ ਅਮਰੀਕਾ ਗ੍ਰੇਟ ਅਗੇਨ' (MAKE AMERICA GREAT AGAIN) ਨਾਲ ਆਪਣੀ ਗੱਲ ਖ਼ਤਮ ਕੀਤੀ।
 


author

Inder Prajapati

Content Editor

Related News