ਯੂਕ੍ਰੇਨ ਦਾ ਪਲਟਵਾਰ, ਰੂਸ ''ਤੇ ਹਵਾਈ ਹਮਲਾ ਕਰ ਉਡਾਇਆ ਤੇਲ ਦਾ ਡਿਪੂ

04/01/2022 6:15:25 PM

ਮਾਸਕੋ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ 37ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ ਰੂਸ ਨੇ ਦੋਸ਼ ਲਾਇਆ ਹੈ ਕਿ ਯੂਕ੍ਰੇਨ ਦੇ ਹੈਲੀਕਾਪਟਰਾਂ ਨੇ ਉਸ ਦੀ ਸਰਹੱਦ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਹੈ।ਇਸ ਗੱਲ ਦਾ ਦਾਅਵਾ ਖੇਤਰ ਦੇ ਗਵਰਨਰ ਨੇ ਕੀਤਾ। ਰੂਸ ਦੇ ਪੱਛਮੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਯੂਕ੍ਰੇਨ ਦੇ 2 ਹੈਲੀਕਾਪਟਰਾਂ ਨੇ ਉਹਨਾਂ ਦੇ ਇੱਥੇ ਤੇਲ ਡਿਪੂ 'ਤੇ ਏਅਰਸਟ੍ਰਾਈਕ ਕੀਤੀ। ਇਸ ਹਮਲੇ ਵਿਚ ਦੋ ਲੋਕ ਜ਼ਖਮੀ ਹੋ ਗਏ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਸ ਕਥਿਤ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ। ਯੂਕ੍ਰੇਨ ਦੇ ਪ੍ਰੌਸੀਕਿਊਟਰ ਜਨਰਲ ਦਫਤਰ ਮੁਤਾਬਕ ਰੂਸੀ ਹਮਲੇ 'ਚ ਹੁਣ ਤੱਕ 153 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 245 ਤੋਂ ਵੱਧ ਬੱਚੇ ਜ਼ਖਮੀ ਹੋਏ ਹਨ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਨਾਲ ਮੁਕਾਬਲੇ ਲਈ ਜ਼ੇਲੇਂਸਕੀ ਨੇ ਮੰਗੀ ਹੋਰ ਮਦਦ, ਆਸਟ੍ਰੇਲੀਆ ਭੇਜੇਗਾ ਬਖਤਰਬੰਦ ਵਾਹਨ

ਇਸ ਹਮਲੇ 'ਚ ਰੂਸ ਦੇ ਸ਼ਹਿਰ ਬੇਲਗੋਰੋਡ 'ਚ ਇਕ ਤੇਲ ਪਲਾਂਟ ਤਬਾਹ ਹੋ ਗਿਆ। ਰੂਸ 'ਚ ਯੂਕ੍ਰੇਨੀ ਹੈਲੀਕਾਪਟਰ ਨੇ ਇਹ ਹਮਲਾ ਰੂਸੀ ਸਰਹੱਦ 'ਚ 40 ਕਿਲੋਮੀਟਰ ਅੰਦਰ ਦਾਖਲ ਹੋ ਕੀਤਾ। ਪੱਛਮੀ ਦੇਸ਼ਾਂ ਨੂੰ ਡਰ ਸੀ ਕਿ ਰੂਸ ਆਪਣੇ ਹਮਲੇ ਨੂੰ ਜਾਇਜ਼ ਠਹਿਰਾਉਣ ਲਈ ਝੂਠੇ ਫਲੈਗ ਅਪਰੇਸ਼ਨ ਕਰ ਸਕਦਾ ਹੈ। ਯੂਕ੍ਰੇਨ ਦੇ ਤਾਜ਼ਾ ਹਮਲੇ ਨਾਲ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਣ ਦੀ ਸੰਭਾਵਨਾ ਹੈ। ਤੁਰਕੀ ਵਿੱਚ ਸ਼ਾਂਤੀ ਵਾਰਤਾ ਦੌਰਾਨ ਰੂਸ ਨੇ ਯੂਕ੍ਰੇਨ ਵਿੱਚ ਆਪਣੀ ਫ਼ੌਜੀ ਕਾਰਵਾਈ ਨੂੰ ਹੌਲੀ ਕਰਨ ਲਈ ਸਹਿਮਤੀ ਜਤਾਈ ਸੀ।

ਰੂਸੀ ਖੇਤਰ 'ਚ ਦਾਖਲ ਹੋਏ ਯੂਕ੍ਰੇਨੀ ਹੈਲੀਕਾਪਟਰ
ਰੂਸੀ ਸ਼ਹਿਰ ਬੇਲਗੋਰੋਡ ਦੇ ਗਵਰਨਰ ਵਿਆਚੇਸਲਾਵ ਗਲੇਡਕੋਵ ਨੇ ਕਿਹਾ ਕਿ ਯੂਕ੍ਰੇਨ ਦੇ ਦੋ ਫੌ਼ਜੀ ਹੈਲੀਕਾਪਟਰਾਂ ਨੇ ਸ਼ੁੱਕਰਵਾਰ ਨੂੰ ਘੱਟ ਉਚਾਈ 'ਤੇ ਸਰਹੱਦ ਪਾਰ ਕਰਨ ਤੋਂ ਬਾਅਦ ਐੱਸ-8 ਰਾਕੇਟ ਹਮਲਾ ਕੀਤਾ। ਇਸ ਹਮਲੇ ਵਿੱਚ ਬੇਲਗੋਰੋਡ ਦੀ ਬਾਲਣ ਸਟੋਰੇਜ ਸਹੂਲਤ ਪੂਰੀ ਤਰ੍ਹਾਂ ਤਬਾਹ ਹੋ ਗਈ। ਗਵਰਨਰ ਨੇ ਦੱਸਿਆ ਕਿ ਹਮਲੇ ਕਾਰਨ ਲੱਗੀ ਅੱਗ 'ਚ ਦੋ ਕਰਮਚਾਰੀ ਜ਼ਖਮੀ ਹੋ ਗਏ। ਇਸ ਅੱਗ ਕਾਰਨ ਆਸਪਾਸ ਦੇ ਇਲਾਕੇ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ ਵੀਡੀਓ 'ਚ ਇਹ ਹਮਲਾ ਸਥਾਨਕ ਸਮੇਂ ਮੁਤਾਬਕ ਸਵੇਰੇ 5:43 ਵਜੇ ਹੋਇਆ। ਇਸ ਵੀਡੀਓ 'ਚ ਹੈਲੀਕਾਪਟਰ ਅੱਗ ਦੀਆਂ ਲਪਟਾਂ ਤੋਂ ਦੂਰ ਜਾਂਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਫ਼ੌਜੀ ਮਾਹਰਾਂ ਦਾ ਮੰਨਣਾ ਹੈ ਕਿ ਰੂਸ ਅਤੇ ਯੂਕ੍ਰੇਨ ਇੱਕੋ ਕਿਸਮ ਦੇ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਦੋਹਾਂ ਦੇਸ਼ਾਂ ਦੇ ਹੈਲੀਕਾਪਟਰਾਂ 'ਚ ਅੰਤਰ ਨੂੰ ਸੰਖੇਪ ਰੂਪ 'ਚ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ।

ਯੂਕ੍ਰੇਨ ਨੇ ਨਹੀਂ ਕੀਤੀ ਹਮਲੇ ਦੀ ਪੁਸ਼ਟੀ
ਯੂਕ੍ਰੇਨ ਦੀ ਸਰਕਾਰ ਨੇ ਅਜੇ ਤੱਕ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਜੇਕਰ ਇਹ ਸੱਚ ਹੈ ਤਾਂ ਇਹ ਦੂਜੀ ਵਾਰ ਹੋਵੇਗਾ ਜਦੋਂ ਯੂਕ੍ਰੇਨ ਨੇ ਸਰਹੱਦ ਪਾਰ ਤੋਂ ਹਮਲਾ ਕੀਤਾ ਹੈ। ਪਿਛਲੇ ਮਹੀਨੇ ਮਿਲਰੋਵੋ ਏਅਰਬੇਸ 'ਤੇ ਹਮਲੇ ਤੋਂ ਬਾਅਦ ਯੂਕ੍ਰੇਨ ਨੇ ਸਰਹੱਦ ਪਾਰ ਕਰ ਕੇ ਰੂਸੀ ਖੇਤਰ 'ਚ ਦਾਖਲ ਹੋ ਗਿਆ ਸੀ। ਇਸ ਹਮਲੇ ਨੂੰ ਰੂਸ ਦੀ ਫੌ਼ਜੀ ਅਸਫਲਤਾ ਮੰਨਿਆ ਜਾ ਰਿਹਾ ਹੈ। ਰੂਸ ਕੋਲ ਇੱਕ ਤੋਂ ਵੱਧ ਹਵਾਈ ਰੱਖਿਆ ਰਾਡਾਰ ਅਤੇ ਮਿਜ਼ਾਈਲਾਂ ਹਨ ਪਰ ਉਨ੍ਹਾਂ ਦੀ ਅਸਫਲਤਾ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਫ਼ੌਜੀ ਯੋਜਨਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News