ਰੂਸ ਨੇ ਰੋਕਿਆ ਯੂਕ੍ਰੇਨ ਦਾ 2.2 ਕਰੋੜ ਟਨ ਅਨਾਜ, ਕਈ ਦੇਸ਼ਾਂ ’ਤੇ ਭੁੱਖਮਰੀ ਦਾ ਖ਼ਤਰਾ : ਜੇਲੇਂਸਕੀ
Wednesday, Jun 01, 2022 - 04:37 PM (IST)
ਕੀਵ (ਏਜੰਸੀ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਕਿਹਾ ਕਿ ਰੂਸ ਨੇ ਯੂਕ੍ਰੇਨ ਦੇ ਸਮੁੰਦਰੀ ਬੰਦਰਗਾਹਾਂ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਉਹ 2.2 ਕਰੋੜ ਟਨ ਅਨਾਜ ਬਰਾਮਦ (ਐਕਸਪੋਰਟ) ਨਹੀਂ ਕਰ ਪਾ ਰਹੇ ਹਨ। ਜੇਲੇਂਸਕੀ ਨੇ ਮੰਗਲਵਾਰ ਰਾਤ ਦਿੱਤੇ ਇਕ ਵੀਡੀਓ ਨੂੰ ਸੰਬੋਧਨ ਵਿਚ ਕਿਹਾ ਕਿ ਰੂਸ ਦੇ ਇਸ ਕਦਮ ਨਾਲ ਯੂਕ੍ਰੇਨ ਤੋਂ ਪਹੁੰਚਣ ਵਾਲੇ ਅਨਾਜ ’ਤੇ ਨਿਰਭਰ ਦੇਸ਼ਾਂ ਵਿਚ ਭੁੱਖਮਰੀ ਦਾ ਖ਼ਤਰਾ ਵਧ ਗਿਆ ਹੈ ਅਤੇ ਇਕ ਨਵਾਂ ਪ੍ਰਵਾਸ ਸੰਕਟ ਪੈਦਾ ਹੋ ਸਕਦਾ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਯਕੀਨਨ ਰੂਸੀ ਲੀਡਰਸ਼ਿਪ ਅਜਿਹਾ ਹੀ ਚਾਹੁੰਦੀ ਹੈ। ਨਾਲ ਹੀ, ਯੂਕ੍ਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਕਿ ਯੂਕ੍ਰੇਨ ਵਿਚ ਰੂਸੀ ਹਮਲੇ ਦੀ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਕੁਲ 32 ਮੀਡੀਆਕਰਮੀ ਮਾਰੇ ਗਏ ਹਨ। ਜੇਲੇਂਸਕੀ ਨੇ ਫਰਾਂਸ ਦੀ ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨਾਲ ਹੋਈ ਇਕ ਬੈਠਕ ਵਿਚ ਫਰਾਂਸ ਨੂੰ ਖ਼ੁਰਾਕ ਸਪਲਾਈ ’ਤੇ ਰੂਸੀ ਹੱਥਕੰਡਿਆਂ ਦੇ ਅੱਗੇ ਨਹੀਂ ਝੁਕਣ ਦੀ ਅਪੀਲ ਵੀ ਕੀਤੀ।