ਪੁਲਾੜ ਯਾਤਰੀਆਂ ਦੀ ਮਦਦ ਲਈ ਰੂਸ ਭੇਜੇਗਾ ਪਹਿਲਾ ਰੋਬੋਟ ''ਫੇਡਰ''

08/22/2019 3:11:56 PM

ਮਾਸਕੋ (ਬਿਊਰੋ)— ਰੂਸ ਪਹਿਲੀ ਵਾਰ ਵੀਰਵਾਰ ਨੂੰ ਮਨੁੱਖੀ ਰਹਿਤ ਰਾਕੇਟ ਲਾਂਚ ਕਰਨ ਜਾ ਰਿਹਾ ਹੈ। ਇਹ ਪੁਲਾੜ ਵਿਚ ਇਨਸਾਨ ਦੇ ਆਕਾਰ ਦਾ ਰੋਬੋਟ ਆਪਣੇ ਨਾਲ ਲਿਜਾਏਗਾ। ਇਹ ਰੋਬੋਟ 10 ਦਿਨ ਤੱਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪੁਲਾੜ ਯਾਤਰੀਆਂ ਦੀ ਮਦਦ ਕਰਨਾ ਸਿੱਖੇਗਾ। ਇਸ ਰੋਬੋਟ ਦਾ ਨਾਮ ਫੇਡਰ (Final Experimental Demonstration Object Rearch) ਹੈ, ਜਿਸ ਦੀ ਪਛਾਣ ਗਿਣਤੀ Skybot F850 ਹੈ। 

ਫੇਡਰ ਨੂੰ ਕਜ਼ਾਕਿਸਤਾਨ ਵਿਚ ਰੂਸ ਦੇ ਬੈਕੋਨੂਰ ਕੋਸਮੋਡਰੋਮ ਤੋਂ ਸੋਊਜ਼ ਰਾਕੇਟ ਜ਼ਰੀਏ ਭੇਜਿਆ ਜਾਵੇਗਾ। ਇਹ ਸ਼ਨੀਵਾਰ ਨੂੰ ਸਪੇਸ ਸਟੇਸ਼ਨ 'ਤੇ ਪਹੁੰਚੇਗਾ ਅਤੇ ਉੱਥੇ 7 ਸਤੰਬਰ ਤੱਕ ਰਹੇਗਾ। ਆਮਤੌਰ 'ਤੇ ਇਸ ਤਰ੍ਹਾਂ ਦੀਆਂ ਯਾਤਰਾਵਾਂ 'ਤੇ ਸੋਊਜ਼ ਪੁਲਾੜ ਗੱਡੀ ਜ਼ਰੀਏ ਇਨਸਾਨਾਂ ਨੂੰ ਭੇਜਿਆ ਜਾਂਦਾ ਹੈ ਪਰ ਵੀਰਵਾਰ ਨੂੰ ਐਮਰਜੈਂਸੀ ਬਚਾਅ ਪ੍ਰਣਾਲੀ ਦੇ ਪਰੀਖਣ ਕੀਤਾ ਜਾਣਾ ਹੈ ਇਸ ਲਈ ਇਸ ਵਿਚ ਕੋਈ ਵੀ ਪੁਲਾੜ ਯਾਤਰੀ ਨਹੀਂ ਜਾਵੇਗਾ।

ਕੌਸਮੋਨੌਟਸ ਦੀ ਬਜ਼ਾਏ ਫੇਡਰ ਇਕ ਵਿਸ਼ੇਸ਼ ਰੂਪ ਨਾਲ ਬਣਾਈ ਗਈ ਪਾਇਲਟ ਦੀ ਸੀਟ 'ਤੇ ਬੈਠੇਗਾ। ਇਹ ਰੋਬੋਟ ਇਕ ਮੀਟਰ 80 ਸੈਂਟੀਮੀਟਰ (5 ਫੁੱਟ 11 ਇੰਚ) ਲੰਬਾ ਹੈ ਅਤੇ ਇਸ ਦਾ ਵਜ਼ਨ ਕਰੀਬ 160 ਕਿਲੋਗ੍ਰਾਮ ਹੈ। ਫੇਡਰ ਦੇ ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ ਹਨ, ਜਿਸ ਵਿਚ ਇਸ ਦੇ ਨਵੇਂ ਹੁਨਰ ਸਿੱਖਣ ਜਿਵੇਂ ਪਾਣੀ ਦੀ ਬੋਤਲ ਖੋਲ੍ਹਣ ਦੇ ਬਾਰੇ ਵਿਚ ਦੱਸਿਆ ਗਿਆ ਹੈ। ਰੂਸੀ ਪੁਲਾੜ ਏਜੰਸੀ ਦੇ ਪ੍ਰੋਸਪੈਕਟਿਵ ਪ੍ਰੋਗਰਾਮਜ਼ ਐਂਡ ਸਾਇੰਸੇਜ ਦੇ ਨਿਦੇਸ਼ਕ ਅਲੈਗਜ਼ੈਂਡਰ ਬਲੇਂਕੋ ਨੇ ਦੱਸਿਆ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਇਹ ਰੋਬੋਟ ਬਹੁਤ ਘੱਟ ਗੁਰਤਾ ਵਿਚ ਇਨਸਾਨੀ ਹੁਨਰ ਦੀ ਜਾਂਚ ਕਰੇਗਾ ਜਿਵੇਂ ਪੇਚਕੱਸ ਨਾਲ ਇਲੈਕਟ੍ਰਿਕ ਕੇਬਲ ਨੂੰ ਜੋੜਨਾ ਅਤੇ ਹਟਾਉਣਾ। ਇਸ ਦੇ ਨਾਲ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋਂ ਕਰਨਾ ਸ਼ਾਮਲ ਹੋਵੇਗਾ। 

ਫੇਡਰ ਇਨਸਾਨੀ ਗਤੀਵਿਧੀਆਂ ਦੀ ਨਕਲ ਕਰਦਾ ਹੈ। ਲਿਹਾਜਾ ਇਹ ਪ੍ਰਮੁੱਖ ਹੁਨਰ ਇਸ ਨੂੰ ਪੁਲਾੜ ਯਾਤਰੀਆਂ ਦੀ ਮਦਦ ਕਰਨ ਦੇ ਸਮਰੱਥ ਬਣਾਉਂਦਾ ਹੈ। ਬਲੇਂਕੋ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਰੋਬੋਟ ਅਖੀਰ ਵਿਚ ਸਪੇਸ ਵਾਕ ਜਿਵੇਂ ਖਤਰਨਾਕ ਆਪਰੇਸ਼ਨ ਨੂੰ ਅੰਜ਼ਾਮ ਦੇਣਗੇ। ਪੁਲਾੜ ਏਜੰਸੀ ਦੇ ਪ੍ਰਮੁੱਖ ਦਿਮਤਰੀ ਰੋਗੋਜਿਨ ਨੇ ਇਸ ਮਹੀਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਰੋਬੋਟ ਦੀਆਂ ਤਸਵੀਰਾਂ ਦਿਖਾਉਂਦਿਆਂ ਕਿਹਾ ਕਿ ਇਹ ਸਪੇਸ ਵਿਚ ਚਾਲਕ ਦਲ ਦਾ ਮੈਂਬਰ ਹੋਵੇਗਾ। ਭਵਿੱਖ ਵਿਚ ਸਾਡੀ ਯੋਜਨਾ ਇਸ ਮਸ਼ੀਨ ਜ਼ਰੀਏ ਡੀਪ ਸਪੇਸ ਮਤਲਬ ਦੂਰ-ਦੁਰਾਡੇ ਪੁਲਾੜ ਨੂੰ ਜਿੱਤਣ ਦੀ ਹੈ। ਇੱਥੇ ਦੱਸ ਦਈਏ ਕਿ ਫੇਡਰ ਪੁਲਾੜ ਜਾਣ ਵਾਲਾ ਪਹਿਲਾ ਰੋਬੋਟ ਨਹੀਂ ਹੈ। ਇਸ ਤੋਂ ਪਹਿਲਾਂ ਸੀਲ 2011 ਵਿਚ ਨਾਸਾ ਨੇ ਰੋਬੋਨੌਟ 2 ਨੂੰ ਭੇਜਿਆ ਸੀ। ਇਹ ਇਕ ਮਨੁੱਖੀ ਰੋਬੋਟ ਸੀ, ਜਿਸ ਨੂੰ ਜਨਰਲ ਮੋਟਰਸ ਦੇ ਨਾਲ ਵਿਕਸਿਤ ਕੀਤਾ ਗਿਆ ਸੀ। ਤਕਨੀਕੀ ਖਰਾਬੀ ਆਉਣ ਮਗਰੋਂ ਇਸ ਨੂੰ 2018 ਵਿਚ ਧਰਤੀ 'ਤੇ ਵਾਪਸ ਭੇਜ ਦਿੱਤਾ ਗਿਆ ਸੀ।


Vandana

Content Editor

Related News