ਰੂਸ ਦਾ ਦਾਅਵਾ, ਕੋਰੋਨਾ ਵੈਕਸੀਨ ਕਲੀਨਿਕਲ ਟ੍ਰਾਇਲ ''ਚ 100 ਫੀਸਦੀ ਰਹੀ ਸਫਲ
Wednesday, Aug 05, 2020 - 06:26 PM (IST)
ਮਾਸਕੋ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਹੇ ਲੋਕਾਂ ਲਈ ਚੰਗੀ ਖਬਰ ਹੈ। ਰੂਸ ਨੇ ਕਿਹਾ ਹੈ ਕਿ ਉਸ ਦੀ ਕੋਰੋਨਾਵਾਇਰਸ ਵੈਕਸੀਨ ਕਲੀਨਿਕਲ ਟ੍ਰਾਇਲ ਵਿਚ 100 ਫੀਸਦੀ ਸਫਲ ਰਹੀ ਹੈ। ਇਸ ਵੈਕਸੀਨ ਨੂੰ ਰੂਸੀ ਰੱਖਿਆ ਮੰਤਰਾਲੇ ਅਤੇ ਗਮਲੇਯਾ ਨੈਸ਼ਨਲ ਸੈਂਟਰ ਫੌਰ ਰਿਸਰਚ ਨੇ ਤਿਆਰ ਕੀਤਾ ਹੈ। ਰੂਸ ਨੇ ਕਿਹਾ ਹੈ ਕਿ ਕਲੀਨਿਕਲ ਟ੍ਰਾਇਲ ਵਿਚ ਜਿਹੜੇ ਲੋਕਾਂ ਨੂੰ ਇਹ ਕੋਰੋਨਾ ਵੈਕਸੀਨ ਦਿੱਤੀ ਗਈ, ਉਹਨਾਂ ਸਾਰਿਆਂ ਵਿਚ SARS-CoV-2 ਦੇ ਪ੍ਰਤੀ ਰੋਗ ਪ੍ਰਤੀਰੋਧਕ ਸਮਰੱਥਾ ਪਾਈ ਗਈ।
ਇਹ ਟ੍ਰਾਇਲ 42 ਦਿਨ ਪਹਿਲਾਂ ਸ਼ੁਰੂ ਹੋਇਆ ਸੀ।ਉਸ ਸਮੇਂ ਵਾਲੰਟੀਅਰਾਂ ਨੂੰ ਮਾਸਕੋ ਦੇ ਬੁਰਡੇਨਕੋ ਮਿਲਟਰੀ ਹਸਪਤਾਲ ਵਿਚ ਕੋਰੋਨਾ ਵੈਕਸੀਨ ਲਗਾਈ ਗਈ ਸੀ। ਇਹ ਲੋਕ ਸੋਮਵਾਰ ਨੂੰ ਦੁਬਾਰਾ ਹਸਪਤਾਲ ਆਏ ਅਤੇ ਉਹਨਾਂ ਦੀ ਡੂੰਘੀ ਜਾਂਚ ਕੀਤੀ ਗਈ। ਇਸ ਦੌਰਾਨ ਪਾਇਆ ਗਿਆ ਕਿ ਸਾਰੇ ਲੋਕਾਂ ਵਿਚ ਕੋਰੋਨਾਵਾਇਰਸ ਦੇ ਪ੍ਰਤੀ ਰੋਗ ਪ੍ਰਤੀਰੋਧਕ ਸਮਰੱਥਾ ਪੈਦਾ ਹੋਈ ਹੈ। ਇਸ ਜਾਂਚ ਨਤੀਜੇ ਦੇ ਬਾਅਦ ਸਰਕਾਰ ਨੇ ਰੂਸੀ ਵੈਕਸੀਨ ਦੀ ਤਾਰੀਫ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾਵਾਇਰਸ ਦੇ ਮ੍ਰਿਤਕਾਂ ਦਾ ਅੰਕੜਾ 6,000 ਦੇ ਪਾਰ
ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ,''ਸਮੀਖਿਆ ਦੇ ਨਤੀਜਿਆਂ ਨਾਲ ਇਹ ਸਪਸ਼ੱਟ ਰੂਪ ਨਾਲ ਸਾਹਮਣੇ ਆਇਆ ਹੈ ਕਿ ਵੈਕਸੀਨ ਲੱਗਣ ਦੇ ਕਾਰਨ ਲੋਕਾਂ ਦੇ ਅੰਦਰ ਮਜ਼ਬੂਤ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਵਿਕਸਿਤ ਹੋਈ।'' ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਵਾਲੰਟੀਅਰ ਦੇ ਅੰਦਰ ਕੋਈ ਵੀ ਨਕਰਾਤਮਕ ਸਾਈਟ ਇਫੈਕਟ ਜਾਂ ਪਰੇਸ਼ਾਨੀ ਨਹੀਂ ਆਈ। ਇਹ ਪ੍ਰਯੋਗਸ਼ਾਲਾ ਹੁਣ ਵੱਡੇ ਪੱਧਰ 'ਤੇ ਜਨਤਾ ਵਿਚ ਵਰਤੋਂ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣ ਜਾ ਰਹੀ ਹੈ।
ਰੂਸ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਦੇ ਖਿਲਾਫ਼ ਜਾਰੀ ਗਲੋਬਲ ਲੜਾਈ ਵਿਚ ਕੋਵਿਡ-19 ਵੈਕਸੀਨ ਵਿਕਸਿਤ ਕਰਨ ਵਿਚ ਉਹ ਦੂਜਿਆਂ ਨਾਲੋਂ ਕਈ ਮਹੀਨੇ ਅੱਗੇ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਲੀਨਿਕਲ ਟ੍ਰਾਇਲ ਵਿਚ ਸਫਲਤਾ ਦੇ ਬਾਅਦ ਹੁਣ ਰੂਸ ਵੈਕਸੀਨ ਦੀ ਪ੍ਰਭਾਵੀ ਸਮਰੱਥਾ ਨੂੰ ਪਰਖਣ ਲਈ ਤਿੰਨ ਵਿਆਪਕ ਪਰੀਖਣ ਕਰਨ ਜਾ ਰਿਹਾ ਹੈ। ਰੂਸ ਦਾ ਇਰਾਦਾ ਹੈ ਕਿ ਇਸ ਸਾਲ ਸਤੰਬਰ ਤੱਕ ਕੋਰੋਨਾ ਵੈਕਸੀਨ ਨੂੰ ਵਿਕਸਿਤ ਕਰ ਲਿਆ ਜਾਵੇ।ਨਾਲ ਹੀ ਅਕਤੂਬਰ ਮਹੀਨੇ ਤੋਂ ਦੇਸ਼ ਭਰ ਵਿਚ ਟੀਕਾਕਾਰਣ ਸ਼ੁਰੂ ਕਰ ਦਿੱਤਾ ਜਾਵੇ।