ਰੋਹਿੰਗਿਆ ਮੁਸਲਮਾਨਾਂ ਦੀ ਦਰਦ ਭਰੀ ਦਾਸਤਾਨ, ਹੁਣ ਮੀਂਹ ਨੇ ਖੋਹ ਲਈ ਸਿਰ ਤੋਂ ਛੱਤ

07/17/2018 5:31:14 PM

ਢਾਕਾ (ਭਾਸ਼ਾ)— ਕਹਿੰਦੇ ਹਨ ਕਿ ਦੌੜਦੇ-ਦੌੜਦੇ ਜ਼ਮੀਨ ਵੀ ਘੱਟ ਪੈ ਜਾਂਦੀ ਹੈ। ਮਿਆਂਮਾਰ ਵਿਚ ਹਿੰਸਾ ਤੋਂ ਬਾਅਦ ਆਪਣਾ ਦੇਸ਼, ਪਿੰਡ, ਪਰਿਵਾਰ ਸਭ ਕੁਝ ਛੱਡ ਕੇ ਦੌੜੇ ਰੋਹਿੰਗਿਆ ਮੁਸਲਮਾਨਾਂ ਨਾਲ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ। ਮਿਆਂਮਾਰ ਤੋਂ ਦੌੜ ਕੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਸ਼ਰਣ ਲੈਣ ਵਾਲੇ ਰੋਹਿੰਗਿਆ ਮੁਸਲਿਮ ਭਾਈਚਾਰੇ ਦੇ ਲੋਕਾਂ ਕੋਲ ਹੁਣ ਸੱਚ-ਮੁੱਚ ਦੌੜਨ ਲਈ ਜ਼ਮੀਨ ਵੀ ਨਹੀਂ ਬਚੀ ਹੈ। ਮੀਂਹ ਪੈਣ ਕਾਰਨ ਉਨ੍ਹਾਂ ਕੋਲ ਸਿਰ ਲੁਕਾਉਣ ਦੀ ਥਾਂ ਨਹੀਂ ਹੈ। ਮੀਂਹ ਦਾ ਪਾਣੀ, ਗਾਰ ਅਤੇ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੀਆਂ ਝੌਪੜੀਆਂ ਟੁੱਟ ਰਹੀਆਂ ਹਨ। ਇੱਥੇ ਰਹਿ ਰਹੇ ਤਕਰੀਬਨ 9 ਲੱਖ ਰੋਹਿੰਗਿਆ ਸ਼ਰਣਾਰਥੀਆਂ 'ਚੋਂ ਇਕ ਮੁਸਤਕਿਮਾ ਆਪਣੇ ਬੱਚਿਆਂ ਅਤੇ ਰਿਸ਼ਤੇਦਾਰਾਂ ਨਾਲ ਦੌੜ ਕੇ ਬੰਗਲਾਦੇਸ਼ ਆਈ ਹੈ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਬਿਆਨ ਕੀਤੀ ਹੈ।
ਮਿਆਂਮਾਰ ਵਿਚ ਫੌਜ ਦੀ ਹਿੰਸਕ ਕਾਰਵਾਈ ਦੌਰਾਨ ਅਗਸਤ 2017 'ਚ ਆਪਣੇ ਪਤੀ ਨੂੰ ਗੁਆ ਚੁੱਕੀ ਮੁਸਤਕਿਮਾ ਨੇ ਬਹੁਤ ਹੀ ਮਿਹਨਤ ਨਾਲ ਇਕ ਝੌਪੜੀ ਖੜ੍ਹੀ ਕੀਤੀ ਸੀ ਪਰ ਜੂਨ ਵਿਚ ਪਏ ਮੀਂਹ ਕਾਰਨ ਉਸ ਦੇ ਹੇਠਾਂ ਦੀ ਮਿੱਟੀ ਧੱਸ ਗਈ। ਉਸ ਨੇ ਫਿਰ ਵੀ ਹਾਰ ਨਹੀਂ ਮੰਨੀ, ਇਕ ਵਾਰ ਫਿਰ ਰਾਹਤ ਏਜੰਸੀਆਂ ਨੂੰ ਮਿਲੀ। ਮਿੱਟੀ ਨਾਲ ਭਰੀਆਂ ਬੋਰੀਆਂ ਅਤੇ ਬਾਂਸਾਂ ਦੀ ਮਦਦ ਨਾਲ ਉਸ ਨੇ ਝੌਪੜੀ ਬਣਾਉਣੀ ਸ਼ੁਰੂ ਕੀਤੀ। ਖੁਦ ਤੋਂ ਇਹ ਨਹੀਂ ਹੋ ਸਕਿਆ ਤਾਂ ਰਾਹਤ ਸਮੱਗਰੀ ਦੇ ਤੌਰ 'ਤੇ ਮਿਲੀ ਦਾਲ, ਚਾਵਲ, ਤੇਲ ਵੇਚ ਕੇ ਸਿਰ 'ਤੇ ਛੱਤ ਦਾ ਜੁਗਾੜ ਕੀਤਾ ਪਰ ਸ਼ਾਇਦ ਕੁਦਰਤ ਨੂੰ ਇਹ ਨਾ-ਮਨਜ਼ੂਰ ਸੀ। ਇਸ ਵਾਰ ਜਿਸ ਪਹਾੜੀ 'ਤੇ ਮੁਸਤਕਿਮਾ ਨੇ ਆਪਣੀ ਝੌਪੜੀ ਬਣਾਈ, ਉਸ ਵਿਚ ਮੀਂਹ ਦਾ ਪਾਣੀ ਦਾਖਲ ਹੋ ਗਿਆ ਅਤੇ ਉੱਥੇ ਹੁਣ ਜ਼ਮੀਨ ਖਿਸਕਣ ਦਾ ਖਤਰਾ ਮੰਡਰਾ ਰਿਹਾ ਹੈ।
ਓਧਰ ਜੇਕਰ ਇਨ੍ਹਾਂ ਕੈਂਪਾਂ ਵਿਚ ਰਾਹਤ ਕੰਮ ਕਰਨ ਵਾਲੀਆਂ ਗੈਰ-ਸਰਕਾਰੀ ਸੰਸਥਾਵਾਂ ਦੀ ਸੁਣੀਏ ਤਾਂ, ਸਿਰਫ ਕੁਝ ਹੀ ਘੰਟੇ ਦੇ ਮੀਂਹ ਕਾਰਨ ਇੱਥੇ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ। ਉੱਪਰੋਂ ਪਹਾੜੀ ਤੋਂ ਮਿੱਟੀ ਨਾਲ ਲੈ ਕੇ ਪਾਣੀ ਹੇਠਾਂ ਆਉਂਦਾ ਹੈ, ਜਿਸ ਨਾਲ ਸ਼ਰਣਾਰਥੀਆਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਇਨ੍ਹਾਂ ਸੰਸਥਾਵਾਂ ਦੇ ਰਾਹਤ ਕਰਮਚਾਰੀਆਂ ਦਾ ਸਭ ਤੋਂ ਵੱਡਾ ਡਰ ਮੀਂਹ ਦੇ ਦਿਨਾਂ ਵਿਚ ਟਾਇਲਟ ਨੂੰ ਲੈ ਕੇ ਹੈ। ਘੱਟ ਮੀਂਹ ਵਿਚ ਵੀ ਟਾਇਲਟ ਭਰ ਜਾਂਦੇ ਹਨ ਅਤੇ ਉੱਥੇ ਗੰਦਗੀ ਫੈਲ ਜਾਂਦੀ ਹੈ। ਇਸ ਨਾਲ ਮਹਾਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ।


Related News