ਸਰਵੇ 'ਚ ਦਾਅਵਾ, ਬ੍ਰਿਟਿਸ਼ PM ਸੁਨਕ, 15 ਮੰਤਰੀਆਂ ਸਮੇਤ ਹਾਰ ਸਕਦੇ ਹਨ 2024 ਦੀਆਂ ਚੋਣਾਂ

Monday, Jan 09, 2023 - 10:33 AM (IST)

ਲੰਡਨ (ਬਿਊਰੋ): ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੇ 15 ਕੈਬਨਿਟ ਮੰਤਰੀਆਂ ਨੂੰ ਦੇਸ਼ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਹੈ। ਇਹ ਦਾਅਵਾ ਬ੍ਰਿਟੇਨ 'ਚ ਕੀਤੇ ਗਏ ਇਕ ਵਿਸ਼ਲੇਸ਼ਣ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ।ਦਿ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਪੀ.ਐੱਮ. ਰਿਸ਼ੀ ਸੁਨਕ ਤੋਂ ਇਲਾਵਾ ਡਿਪਟੀ ਪੀ.ਐੱਮ ਡੋਮਿਨਿਕ ਰਾਬ, ਸਿਹਤ ਸਕੱਤਰ ਸਟੀਵ ਬਾਰਕਲੇ, ਵਿਦੇਸ਼ ਸਕੱਤਰ ਜੇਮਸ ਕਲੀਵਰਲੀ, ਰੱਖਿਆ ਸਕੱਤਰ ਬੇਨ ਵੈਲੇਸ, ਵਪਾਰ ਸਕੱਤਰ ਗ੍ਰਾਂਟ ਸ਼ੈਪਸ, ਕਾਮਨਜ਼ ਲੀਡਰ ਪੇਨੀ ਮੋਰਡੌਂਟ ਅਤੇ ਵਾਤਾਵਰਣ ਸਕੱਤਰ ਥੇਰੇਸ ਕੌਫੀ ਸਮੇਤ ਕੰਜ਼ਰਵੇਟਿਵ ਪਾਰਟੀ (ਟੋਰੀਜ਼) ਦੇ ਸੀਨੀਅਰ ਮੈਂਬਰਾਂ 'ਤੇ ਆਉਣ ਵਾਲੀਆਂ ਚੋਣਾਂ ਵਿੱਚ ਹਾਰ ਦਾ ਖ਼ਤਰਾ ਹੈ।

ਸਰਵੇਖਣ 'ਚ ਹੋਇਆ ਖੁਲਾਸਾ

ਬ੍ਰਿਟੇਨ ਵਿੱਚ 2024 ਦੌਰਾਨ ਹੋਣ ਵਾਲੀਆਂ ਆਮ ਚੋਣਾਂ ਲਈ ਕਰਵਾਏ ਗਏ ਇੱਕ ਸਰਵੇਖਣ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਚੋਣਾਂ ਵਿੱਚ ਸਿਰਫ਼ 5 ਕੈਬਨਿਟ ਮੰਤਰੀ ਹੀ ਆਪਣੀਆਂ ਸੀਟਾਂ ਬਰਕਰਾਰ ਰੱਖ ਸਕਣਗੇ, ਜਿਹਨਾਂ ਵਿਚ ਯੇਰੇਮੀ ਹੰਟ, ਸੁਏਲਾ ਬ੍ਰੇਵਰਮੈਨ, ਮਾਈਕਲ ਗੋਵ, ਨਦੀਮ ਜ਼ਾਵੀ ਅਤੇ ਕੇਮੀ ਬੈਡੇਨੋਚ ਸ਼ਾਮਲ ਹਨ। ਮੌਜੂਦਾ ਮੰਤਰੀ ਮੰਡਲ ਵਿੱਚ ਜ਼ਿਆਦਾਤਰ ਟੋਰੀ ਸੰਸਦ ਮੈਂਬਰਾਂ ਲਈ ਲੇਬਰ ਪਾਰਟੀ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ, ਹਾਲਾਂਕਿ ਕੁਝ ਟੋਰੀ ਮੈਂਬਰਾਂ ਨੂੰ ਦੂਜੀਆਂ ਪਾਰਟੀਆਂ ਤੋਂ ਵੀ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਦਾਹਰਨ ਲਈ ਰਾਅਬ ਆਸ਼ਰ ਅਤੇ ਵਾਲਟਨ ਵਿੱਚ ਲਿਬਰਲ ਡੈਮੋਕਰੇਟਸ ਤੋਂ ਹਾਰ ਸਕਦੇ ਹਨ। ਉੱਥੇ ਸਕਾਟਿਸ਼ ਸਕੱਤਰ ਅਲਿਸਟੇਅਰ ਜੈਕ ਡਮਫ੍ਰਾਈਜ਼ ਅਤੇ ਗੈਲੋਵੇ ਵਿੱਚ SNP ਤੋਂ ਹਾਰ ਸਕਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ- ਯੂਕੇ 'ਚ ਵਧੀ ਮਹਿੰਗਾਈ, ਭਾਰਤੀ ਵਿਦਿਆਰਥੀਆਂ ਨੂੰ ਝੱਲਣੀ ਪੈ ਰਹੀ ਵੱਡੀ ਚੁਣੌਤੀ

ਕਈ ਮੁੱਦਿਆਂ 'ਤੇ ਸੁਨਕ ਦਾ ਵਿਰੋਧ

ਬੈਸਟ ਫਾਰ ਬ੍ਰਿਟੇਨ ਸੰਸਥਾ ਵੱਲੋਂ ਕਰਵਾਏ ਗਏ ਪੋਲ ਦੇ ਨਤੀਜਿਆਂ ਮੁਤਾਬਕ ਯੂ.ਕੇ ਦੀਆਂ 10 ਸਭ ਤੋਂ ਮਹੱਤਵਪੂਰਨ ਸੀਟਾਂ ਲਗਾਤਾਰ ਉਸ ਪਾਰਟੀ ਦੇ ਉਮੀਦਵਾਰ ਜਿੱਤਦੇ ਹਨ, ਜੋ ਬਾਅਦ ਵਿੱਚ ਸਰਕਾਰ ਬਣਾਉਂਦੀ ਹੈ। ਲੇਬਰ ਪਾਰਟੀ ਵੀ ਇਹ 10 ਸੀਟਾਂ ਜਿੱਤ ਸਕਦੀ ਹੈ।ਰਿਸ਼ੀ ਸੁਨਕ ਦੀ ਸਰਕਾਰ ਨੂੰ ਵੀ ਕਈ ਮੁੱਦਿਆਂ 'ਤੇ ਬ੍ਰਿਟੇਨ 'ਚ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਸਟ ਫਾਰ ਬ੍ਰਿਟੇਨ ਦੀ ਮੁੱਖ ਕਾਰਜਕਾਰੀ ਨਾਓਮੀ ਸਮਿਥ ਦਾ ਕਹਿਣਾ ਹੈ ਕਿ ਰਿਸ਼ੀ ਸੁਨਕ ਦੀ ਪੂਰੀ ਕੈਬਨਿਟ ਹਾਰ ਦੀ ਹੱਕਦਾਰ ਹੈ। ਦਰਅਸਲ ਬੈਸਟ ਫਾਰ ਬ੍ਰਿਟੇਨ ਇੱਕ ਅਜਿਹਾ ਸੰਗਠਨ ਹੈ ਜੋ ਅੰਤਰਰਾਸ਼ਟਰੀ ਮੁੱਲਾਂ ਅਤੇ ਯੂਰਪੀਅਨ ਯੂਨੀਅਨ ਨਾਲ ਨਜ਼ਦੀਕੀ ਸਬੰਧਾਂ 'ਤੇ ਜ਼ੋਰ ਦਿੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਇੱਕ ਹਫ਼ਤਾ ਪਹਿਲਾਂ ਰਿਸ਼ੀ ਸੁਨਕ ਨੇ ਬ੍ਰਿਟੇਨ ਵਿੱਚ 18 ਸਾਲ ਦੀ ਉਮਰ ਤੱਕ ਦੇ ਸਾਰੇ ਵਿਦਿਆਰਥੀਆਂ ਲਈ ਗਣਿਤ ਨੂੰ ਲਾਜ਼ਮੀ ਕਰਨ ਦੀ ਗੱਲ ਕੀਤੀ ਸੀ। ਸੁਨਕ ਨੇ ਦੱਸਿਆ ਸੀ ਕਿ ਉਹ ਇਸ ਯੋਜਨਾ 'ਤੇ ਕੰਮ ਕਰ ਰਿਹਾ ਹੈ। ਸੁਨਕ ਨੇ ਕਿਹਾ ਸੀ ਕਿ ਬ੍ਰਿਟੇਨ ਵਿਚ 16 ਤੋਂ 19 ਸਾਲ ਦੇ ਅੱਧੇ ਬੱਚੇ ਹੀ ਗਣਿਤ ਪੜ੍ਹਦੇ ਹਨ। ਇਸ ਅੰਕੜੇ ਵਿੱਚ ਵਿਗਿਆਨ ਦੇ ਕੋਰਸ ਕਰ ਰਹੇ ਵਿਦਿਆਰਥੀ ਅਤੇ ਕਾਲਜ ਵਿੱਚ ਪਹਿਲਾਂ ਹੀ ਲਾਜ਼ਮੀ GCSE ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਦੇ ਇਸ ਬਿਆਨ ਦਾ ਬ੍ਰਿਟੇਨ ਵਿੱਚ ਵੀ ਕਈ ਲੋਕਾਂ ਨੇ ਵਿਰੋਧ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News