ਅਸੀਂ ਇੱਥੇ ਮਸਤੀ ਕਰ ਰਹੇ ਹਾਂ; ਜੁਲਾਈ ਦੇ ਅੰਤ 'ਚ ਸੁਰੱਖਿਅਤ ਰੂਪ 'ਚ ਘਰ ਵਾਪਸ ਆਵਾਂਗੇ : ਸੁਨੀਤਾ ਵਿਲੀਅਮਜ਼

Friday, Jul 12, 2024 - 11:39 AM (IST)

ਅਸੀਂ ਇੱਥੇ ਮਸਤੀ ਕਰ ਰਹੇ ਹਾਂ; ਜੁਲਾਈ ਦੇ ਅੰਤ 'ਚ ਸੁਰੱਖਿਅਤ ਰੂਪ 'ਚ ਘਰ ਵਾਪਸ ਆਵਾਂਗੇ : ਸੁਨੀਤਾ ਵਿਲੀਅਮਜ਼

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਪਰੀਖਣ ਪਾਇਲਟ ਬੁਚ ਵਿਲਮੋਰ ਅਤੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ 10 ਜੁਲਾਈ, 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐਸ.ਐਸ) ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਿਹਾ ਭਰੋਸਾ ਪ੍ਰਗਟਾਇਆ ਕਿ ਜੁਲਾਈ ਦੇ ਅੰਤ ਵਿੱਚ ਸੁੱਰਖਿਅਤ ਰੂਪ ਵਿੱਚ ਘਰ ਵਾਪਸ ਆਵਾਂਗੇ। ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਪਹਿਲੀ ਵਾਰ ਧਰਤੀ ਤੋਂ 400 ਕਿਲੋਮੀਟਰ ਦੀ ਦੂਰੀ 'ਤੇ ਘੁੰਮ ਰਹੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕੀਤਾ। 

PunjabKesari

ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਜੂਨ 2024 ਵਿੱਚ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਸਵਾਰ ਹੋ ਕੇ ਆਈ.ਐਸ.ਐਸ ਦੀ ਯਾਤਰਾ ਤੇ ਹਨ।ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਕਿਹਾ ਕਿ ਸਾਨੂੰ ਹਫ਼ਤੇ ਪਹਿਲਾਂ ਧਰਤੀ 'ਤੇ ਵਾਪਸ ਆਉਣਾ ਚਾਹੀਦਾ ਸੀ, ਪਰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਹੀਲੀਅਮ ਲੀਕ ਹੋਣ ਅਤੇ ਇਸ ਦੇ ਥਰਸਟਰਾਂ ਵਿੱਚ ਤਕਨੀਕੀ ਸਮੱਸਿਆਵਾਂ ਨੇ ਸਾਨੂੰ ਦੋਵਾਂ ਨੂੰ ਇੱਥੇ ਆਈ.ਐਸ.ਐਸ ਵਿੱਚ ਆਉਣ ਵਿੱਚ ਦੇਰੀ ਕੀਤੀ ਹੈ। ਹੁਣ ਅਸੀਂ ਦੋਵੇਂ ਇੱਥੇ ਆਈ.ਐਸ.ਐਸ ਵਿੱਚ ਫਸ ਗਏ ਹਾਂ। ਹਾਲਾਂਕਿ, ਇੱਕ ਵਾਰ ਧਰਤੀ 'ਤੇ ਥਰਸਟਰਾਂ ਦੀ ਵਿਗਿਆਨਕ ਤੌਰ 'ਤੇ ਜਾਂਚ ਹੋ ਜਾਂਦੀ ਹੈ, ਤਾਂ ਅਸੀਂ ਜਿੰਨੀ ਜਲਦੀ ਹੋ ਸਕੇ ਧਰਤੀ 'ਤੇ ਵਾਪਸ ਆਵਾਂਗੇ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਗਲੇਸ਼ੀਅਰ ਨੈਸ਼ਨਲ ਪਾਰਕ 'ਚ ਡੁੱਬਣ ਕਾਰਨ ਭਾਰਤੀ ਨਾਗਰਿਕ ਦੀ ਮੌਤ

ਦੋਵਾਂ ਪੁਲਾੜ ਯਾਤਰੀਆਂ ਨੇ ਉਤਸ਼ਾਹ ਨਾਲ ਕਿਹਾ ਕਿ ਸਾਨੂੰ ਧਰਤੀ 'ਤੇ ਵਾਪਸ ਆਉਣ ਵਿਚ ਦੇਰੀ ਦੀ ਕੋਈ ਸ਼ਿਕਾਇਤ ਨਹੀਂ ਹੈ। ਅਸੀਂ ਇੱਥੇ ਆਈ.ਐਸ.ਐਸ ਵਿਚ ਬਹੁਤ ਮਸਤੀ ਕਰ ਰਹੇ ਹਾਂ। ਨਾਲ ਹੀ ਅਸੀਂ ਆਈ.ਐਸ.ਐਸ ਦੇ ਚਾਲਕ ਦਲ ਦੇ ਮੈਂਬਰਾਂ ਦੀ ਮਦਦ ਕਰ ਰਹੇ ਹਾਂ। ਨਾਸਾ ਦੇ ਕਮਰਸ਼ੀਅਲ ਅਤੇ ਕਰੂ ਪ੍ਰੋਗਰਾਮ ਦੇ ਡਾਇਰੈਕਟਰ ਸਟੀਵ ਸਟਿਚ ਨੇ ਕਿਹਾ ਕਿ ਬੋਇੰਗ ਸਟਾਰ ਲਾਈਨਰ ਦੇ ਦੋਵੇਂ ਪੁਲਾੜ ਯਾਤਰੀ ਜੁਲਾਈ ਦੇ ਅੰਤ ਤੱਕ ਸੁਰੱਖਿਅਤ ਰੂਪ ਨਾਲ ਧਰਤੀ 'ਤੇ ਪਰਤ ਆਉਣਗੇ। ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲੀਮੋਰ ਅਗਸਤ 2024 ਦੇ ਅੱਧ ਵਿੱਚ ਸਪੇਸਐਕਸ ਦੁਆਰਾ ਆਪਣੇ ਦੂਜੇ ਚਾਲਕ ਦਲ ਨੂੰ ਪੁਲਾੜ ਵਿੱਚ ਭੇਜਣ ਤੋਂ ਪਹਿਲਾਂ ਨਿਸ਼ਚਤ ਤੌਰ 'ਤੇ ਧਰਤੀ 'ਤੇ ਵਾਪਸ ਆ ਜਾਣਗੇ। ਹਾਲਾਂਕਿ ਇਹ ਸਮੇਂ ਦੀ ਸਾਰਣੀ ਵੀ ਬਦਲ ਸਕਦੀ ਹੈ। ਨਾਸਾ ਅਤੇ ਬੋਇੰਗ ਇਸ ਹਫਤੇ ਮੈਕਸੀਕੋ ਵਿੱਚ ਸਟਾਰ ਲਾਈਨਰ ਦੇ ਥਰਸਟਰ ਨਾਲ ਇੱਕ ਤਕਨੀਕੀ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸਲ ਤਕਨੀਕੀ ਸਮੱਸਿਆ ਪ੍ਰੋਪਲਸ਼ਨ ਸਿਸਟਮ ਵਿੱਚ ਹੈ। ਇਸ ਤਰ੍ਹਾਂ ਹੀ ਦੋਵਾਂ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਰੂਪ ਨਾਲ ਧਰਤੀ 'ਤੇ ਵਾਪਸ ਲਿਆਉਣ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News