ਬ੍ਰਾਜ਼ੀਲ ਦਾ ਇਹ ਸ਼ਖਸ ਰਹਿੰਦਾ ਹੈ ਰੇਤ ਦੇ ਕਿਲੇ ''ਚ (ਤਸਵੀਰਾਂ)

Sunday, Jan 21, 2018 - 02:43 PM (IST)

ਬ੍ਰਾਜ਼ੀਲ ਦਾ ਇਹ ਸ਼ਖਸ ਰਹਿੰਦਾ ਹੈ ਰੇਤ ਦੇ ਕਿਲੇ ''ਚ (ਤਸਵੀਰਾਂ)

ਬ੍ਰਾਸੀਲੀਆ (ਬਿਊਰੋ)— ਅੱਜ ਤੱਕ ਤੁਸੀਂ ਸ਼ਾਨਦਾਰ ਮਹਿਲਾਂ ਵਿਚ ਰਹਿਣ ਵਾਲੇ ਰਾਜਿਆਂ-ਮਹਾਰਾਜਿਆਂ ਬਾਰੇ ਪੜ੍ਹਿਆ-ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਅਜਿਹੇ ਰਾਜਾ ਬਾਰੇ ਦੱਸ ਰਹੇ ਹਾਂ, ਜੋ ਰੇਤ ਨਾਲ ਬਣੇ ਕਿਲੇ ਵਿਚ ਰਹਿੰਦਾ ਹੈ। ਬ੍ਰਾਜ਼ੀਲ ਦੇ ਰਹਿਣ ਵਾਲੇ ਮਾਰਸਿਓ ਮਿਜ਼ੇਲ ਮੈਟੋਲੀਅਸ ਬੀਤੇ 22 ਸਾਲਾਂ ਤੋਂ ਰੇਤ ਨਾਲ ਬਣੇ ਕਿਲੇ ਵਿਚ ਰਹਿ ਰਹੇ ਹਨ। 44 ਸਾਲਾ ਮਾਰਸਿਓ ਮਿਜ਼ੇਲ ਮਹਿੰਗੇ ਰਿਓ ਡੀ ਜੇਨੇਰਿਓ ਇਲਾਕੇ ਵਿਚ ਸਮੁੰਦਰ ਨੇੜੇ ਰਹਿੰਦੇ ਹਨ। ਉਨ੍ਹਾਂ ਦੇ ਸਿਰ 'ਤੇ ਤਾਜ ਦੇਖ ਕੇ ਉਨ੍ਹਾਂ ਦੀ ਪਛਾਣ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ। 
ਮਾਰਸਿਓ ਅਕਸਰ ਆਪਣੇ ਕਿਲੇ ਸਾਹਮਣੇ ਆਪਣੇ ਤਖਤ ਮਤਲਬ ਕੁਰਸੀ 'ਤੇ ਬੈਠੇ ਮਿਲ ਜਾਂਦੇ ਹਨ। ਉਨ੍ਹਾਂ ਦੇ ਹੱਥ ਵਿਚ ਉਨ੍ਹਾਂ ਦਾ ਰਾਜਦੰਡ ਹੁੰਦਾ ਹੈ। ਉਹ ਖੁਦ ਨੂੰ ਕਿੰਗ ਮਾਰਸਿਓ ਕਹਾਉਣਾ ਪਸੰਦ ਕਰਦੇ ਹਨ। ਮਾਰਸਿਓ ਇਕ ਕਲਾਕਾਰ ਹਨ ਅਤੇ ਉਨ੍ਹਾਂ ਨੇ ਆਪਣਾ ਕਿਲਾ ਖੁਦ ਬਣਾਇਆ ਹੈ। ਮਾਰਸਿਓ ਕੋਲ ਨੌਕਰ ਨਹੀਂ ਹਨ। ਇਸ ਲਈ ਕਿਲੇ ਦੀ ਰਖਵਾਲੀ ਅਤੇ ਸਾਫ-ਸਫਾਈ ਉਹ ਖੁਦ ਹੀ ਕਰਦੇ ਹਨ। ਮਾਰਸਿਓ ਕਹਿੰਦੇ ਹਨ,''ਜੇ ਮੇਰਾ ਕਿਲਾ ਟੁੱਟ ਜਾਵੇ ਤਾਂ ਮੈਨੂੰ ਕੋਈ ਚਿੰਤਾ ਨਹੀਂ ਹੁੰਦੀ। ਮੈਂ ਸਮੁੰਦਰ ਕੰਢੇ ਕਿਤੇ ਹੋਰ ਚਲਾ ਜਾਂਦਾ ਹਾਂ ਅਤੇ ਉੱਥੇ ਆਪਣਾ ਨਵਾਂ ਕਿਲਾ ਬਣਾ ਲੈਂਦਾ ਹਾਂ।'' ਮਾਰਸਿਓ ਮੁਤਾਬਕ,''ਬਾਰ-ਬਾਰ ਆਪਣਾ ਘਰ ਬਣਾਉਣ ਵਾਲਾ ਜੀਵਨ ਮੈਨੂੰ ਚੰਗਾ ਲੱਗਦਾ ਹੈ ਕਿਉਂਕਿ ਇਸ ਕਾਰਨ ਕਿਸੇ ਵੀ ਚੀਜ਼ ਨਾਲ ਮੇਰਾ ਮੋਹ ਨਹੀਂ ਹੁੰਦਾ।'' 
ਮਾਰਸਿਓ ਦਾ ਇਹ ਕਿਲਾ ਬਾਹਰੋਂ ਬਹੁਤ ਸ਼ਾਨਦਾਰ ਦਿੱਸਦਾ ਹੈ ਪਰ ਅੰਦਰੋਂ ਕੁਝ ਖਾਸ ਨਹੀਂ ਹੈ। ਇਸ ਕਿਲੇ ਵਿਚ ਮਾਰਸਿਓ ਦੀਆਂ ਜ਼ਰੂਰਤਾਂ ਦਾ ਕੁਝ ਸਾਮਾਨ ਹੀ ਆ ਪਾਉਂਦਾ ਹੈ। ਮਾਰਸਿਓ ਮੁਤਾਬਕ,''ਮੀਂਹ ਪੈਣ 'ਤੇ ਮੇਰਾ ਕਿਲਾ ਢਹਿ ਜਾਂਦਾ ਹੈ। ਗਰਮੀਆਂ ਦੇ ਦਿਨਾਂ ਵਿਚ ਜਦੋਂ ਪਾਰਾ ਚੜ੍ਹ ਜਾਂਦਾ ਹੈ, ਉਦੋਂ ਇਸ ਕਿਲੇ ਵਿਚ ਸੋਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਮੈਂ ਕਿਸੇ ਦੋਸਤ ਦੇ ਘਰ ਚਲਾ ਜਾਂਦਾ ਹਾਂ।'' ਉਹ ਅੱਗੇ ਕਹਿੰਦੇ ਹਨ,''ਇਸ ਨਾਲ ਜੀਵਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਮੈਂ ਆਪਣੇ ਜਿਉਣ ਲਈ ਇਹੀ ਜੀਵਨਸ਼ੈਲੀ ਚੁਣੀ ਹੈ-ਰੇਤ ਵਿਚ ਕਲਾਕਾਰੀ ਕਰਨ ਦੀ।'' 
ਮਾਰਸਿਓ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਆਪਣੇ ਕੋਲ ਆਉਣ ਵਾਲੇ ਲੋਕਾਂ ਤੋਂ ਚੰਦਾ ਜਮਾਂ ਕਰਦੇ ਹਨ ਅਤੇ ਨਾਲ ਹੀ ਇਕ ਕਿਤਾਬ ਐਕਸਚੇਂਜ ਕਰਨ ਦੀ ਦੁਕਾਨ ਚਲਾਉਂਦੇ ਹਨ। ਮਾਰਸਿਓ ਦੱਸਦੇ ਹਨ,''ਮੈਂ ਗੁਆਂਬਾਰ ਦੀ ਖਾੜੀ ਵਿਚ ਵੱਡਾ ਹੋਇਆ ਅਤੇ ਮੈਂ ਹਮੇਸ਼ਾ ਸਮੁੰਦਰੀ ਕੰਢੇ 'ਤੇ ਰਿਹਾ। ਮੈਂ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹਾਂ। ਲੋਕ ਸਮੁੰਦਰ ਸਾਹਮਣੇ ਰਹਿਣ ਲਈ ਕਿਰਾਇਆ ਦਿੰਦੇ ਹਨ ਪਰ ਮੈਂ ਕੋਈ ਕਿਰਾਇਆ ਨਹੀਂ ਦਿੰਦਾ। ਮੈਂ ਇਕ ਚੰਗੀ ਜ਼ਿੰਦਗੀ ਜੀ ਰਿਹਾ ਹਾਂ।


Related News