ਪਾਕਿ ਦੇ ਨਾਮਜ਼ਦ ਰਾਜਦੂਤ ਨੂੰ ਲੈ ਕੇ ਰਾਸ਼ਟਰਪਤੀ ਬਾਈਡੇਨ ਨੂੰ ਅਮਰੀਕੀ ਸੰਸਦ ਮੈਂਬਰ ਨੇ ਕੀਤੀ ਇਹ ਬੇਨਤੀ
Tuesday, Feb 01, 2022 - 07:34 PM (IST)
ਇਸਲਾਮਾਬਾਦ/ਵਾਸ਼ਿੰਗਟਨ (ਭਾਸ਼ਾ)-ਇਕ ਅਮਰੀਕੀ ਸੰਸਦ ਮੈਂਬਰ ਨੇ ਰਾਸ਼ਟਰਪਤੀ ਜੋਅ ਬਾਈਡੇਨ ਤੋਂ ਪਾਕਿਸਤਾਨ ਦੇ ਨਾਮਜ਼ਦ ਰਾਜਦੂਤ ਮਸੂਦ ਖਾਨ ਦੇ ਕੂਟਨੀਤਕ ਪ੍ਰਮਾਣ ਪੱਤਰ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ। ਸੰਸਦ ਮੈਂਬਰ ਨੇ ਉਨ੍ਹਾਂ ਨੂੰ ਖੇਤਰ ’ਚ ਅਮਰੀਕਾ ਦੇ ਹਿੱਤਾਂ ਨੂੰ ਕਮਜ਼ੋਰ ਕਰਨ ਲਈ ਕੰਮ ਕਰਨ ਵਾਲਾ ਤੇ ਅੱਤਵਾਦ ਨਾਲ ਹਮਦਰਦੀ ਰੱਖਣ ਵਾਲਾ ਸ਼ਖ਼ਸ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਖਾਨ ਨੇ ਨੌਜਵਾਨਾਂ ਨੂੰ ਜੇਹਾਦੀਆਂ ਦੀ ਨਕਲ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੀ ਪ੍ਰਸ਼ੰਸਾ ਕੀਤੀ ਹੈ। ਪਿਛਲੇ ਸਾਲ ਅਗਸਤ ਤੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੇ ‘ਰਾਸ਼ਟਰਪਤੀ’ ਵਜੋਂ ਸੇਵਾ ਨਿਭਾ ਚੁੱਕੇ ਖਾਨ ਨੂੰ ਨਵੰਬਰ ’ਚ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਦੇ ਤੌਰ ’ਤੇ ਨਾਮਜ਼ਦ ਕੀਤਾ ਗਿਆ ਸੀ। ਰਿਪਬਲਿਕਨ ਸੰਸਦ ਮੈਂਬਰ ਸਕਾਟ ਪੇਰੀ ਨੇ ਪਿਛਲੇ ਹਫਤੇ ਰਾਸ਼ਟਰਪਤੀ ਬਾਈਡੇਨ ਨੂੰ ਲਿਖੇ ਇਕ ਪੱਤਰ ’ਚ ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਦੇ ਤੌਰ ’ਤੇ ਖਾਨ ਦੀ ਨਾਮਜ਼ਦਗੀ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਨੇ ਕਬੂਲੀ ਸਿੱਧੂ ਦੀ ਚੁਣੌਤੀ, ਸਿਰਫ ਅੰਮ੍ਰਿਤਸਰ ਪੂਰਬੀ ਤੋਂ ਲੜਨਗੇ ਚੋਣ (ਵੀਡੀਓ)
ਉਨ੍ਹਾਂ ਨੇ ਲਿਖਿਆ, ‘‘(ਪਾਕਿਸਤਾਨ ਦੇ ਪ੍ਰਧਾਨ ਮੰਤਰੀ) ਇਮਰਾਨ ਖਾਨ ਵੱਲੋਂ ਖੇਤਰ ਵਿਚ ਅਮਰੀਕਾ ਦੇ ਹਿੱਤਾਂ ਤੇ ਸਾਡੇ ਭਾਰਤੀ ਸਹਿਯੋਗੀਆਂ ਦੀ ਸੁਰੱਖਿਆ ਦੀ ਅਣਦੇਖੀ ਕਰਨ ਵਾਲੇ ਅੱਤਵਾਦ ਦੇ ਇਕ ਹਮਦਰਦ ਨੂੰ ਨਾਮਜ਼ਦ ਕਰਨ ਨੂੰ ਸਿਰਫ਼ ਫੈ਼ਸਲੇ ਲੈਣ ਦੀ ਕਮੀ ਤੇ ਅਮਰੀਕਾ ਲਈ ਇਸਲਾਮਾਬਾਦ ਦੇ ਲਗਾਤਾਰ ਅਪਮਾਨ ਦੇ ਤੌਰ ’ਤੇ ਹੀ ਵਰਣਿਤ ਕੀਤਾ ਜਾ ਸਕਦਾ ਹੈ।’’ ਉਨ੍ਹਾਂ ਨੇ ਚਿੱਠੀ ’ਚ ਲਿਖਿਆ, ‘‘ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਮਸੂਦ ਖਾਨ ਵੱਲੋਂ ਪੇਸ਼ ਕੀਤੇ ਗਏ ਕਿਸੇ ਵੀ ਕੂਟਨੀਤਕ ਪ੍ਰਮਾਣ ਪੱਤਰ ਨੂੰ ਅਸਵੀਕਾਰ ਕਰੋ ਅਤੇ ਪਾਕਿਸਤਾਨ ਸਰਕਾਰ ਵੱਲੋਂ ਇਸ ਜੇਹਾਦੀ ਨੂੰ ਅਮਰੀਕਾ ’ਚ ਪਾਕਿਸਤਾਨ ਦੇ ਰਾਜਦੂਤ ਵਜੋਂ ਸਥਾਪਿਤ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਅਸਵੀਕਾਰ ਕਰੋ।’’