ਕੋਰੋਨਾ ਦੇ ਕਹਿਰ ਵਿਚਕਾਰ ਰਾਹਤ, 1 ਲੱਖ ਲੋਕਾਂ ਨੂੰ ਨੌਕਰੀ ਦੇਵੇਗਾ Amazon

Tuesday, Mar 17, 2020 - 04:35 PM (IST)

ਕੋਰੋਨਾ ਦੇ ਕਹਿਰ ਵਿਚਕਾਰ ਰਾਹਤ, 1 ਲੱਖ ਲੋਕਾਂ ਨੂੰ ਨੌਕਰੀ ਦੇਵੇਗਾ Amazon

ਨਵੀਂ ਦਿੱਲੀ — ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਕਾਰੋਬਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਕਈ ਦੇਸ਼ਾਂ 'ਚ ਸਕੂਲ-ਕਾਲਜ, ਮਾਲ, ਸਿਨੇਮਾ ਹਾਲ ਬੰਦ ਹੋਣ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜਬੂਰ ਹਨ। ਅਜਿਹੇ 'ਚ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਕਾਫੀ ਵਧ ਗਿਆ ਹੈ ਕਿਉਂਕਿ ਲੋਕ ਆਨ ਲਾਈਨ ਸਮਾਨ ਮੰਗਵਾਉਣ ਨੂੰ ਪਹਿਲ ਦੇ ਰਹੇ ਹਨ। ਅਜਿਹੇ ਹਾਲਾਤ ਵਿਚਕਾਰ ਦੁਨੀਆ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਐਮਾਜ਼ੋਨ ਲੱਖਾਂ ਲੋਕਾਂ ਲਈ ਰਾਹਤ ਲੈ ਕੇ ਆਈ ਹੈ।

ਐਮਾਜ਼ੋਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਆਨ ਲਾਈਨ ਸਮਾਨ ਦੀ ਮੰਗ ਵਧਣ ਕਾਰਨ ਉਸ ਕੋਲ ਕਾਫੀ ਸੰਖਿਆ ਵਿਚ ਪੈਂਡਿੰਗ ਆਰਡਰ ਹਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਕਰਮਚਾਰੀਆਂ ਦੀ ਸੰਖਿਆ ਘੱਟ ਪੈ ਗਈ ਹੈ। ਅਜਿਹੇ 'ਚ ਕੰਪਨੀ 1 ਲੱਖ ਲੋਕਾਂ ਨੂੰ ਨੌਕਰੀ ਦੇਣ 'ਤੇ ਵਿਚਾਰ ਕਰ ਰਹੀ ਹੈ। ਐਮਾਜ਼ੋਨ ਨੂੰ ਇਹ ਲੋਕ ਅਮਰੀਕਾ ਲਈ ਚਾਹੀਦੇ ਹਨ ਜਿਹੜੇ ਵੇਅਰ ਹਾਊਸ ਅਤੇ ਡਿਲਵਰੀ ਲਈ ਕਾਰਜ ਕਰਨਗੇ। ਕੰਪਨੀ ਮੁਤਾਬਕ ਕਰਮਚਾਰੀਆਂ ਨੂੰ 2 ਡਾਲਰ ਤੋਂ 15 ਡਾਲਰ ਪ੍ਰਤੀ ਘੰਟੇ ਲਈ ਭੁਗਤਾਨ ਕੀਤਾ ਜਾਵੇਗਾ।

ਐਮਾਜ਼ੋਨ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਸਾਨੂੰ ਅਜਿਹੇ ਲੋਕਾਂ ਦੀ ਭਾਲ ਹੈ ਜਿਹੜੇ ਇਸ ਸਮੇਂ ਸਾਡੇ ਨਾਲ ਆਰਡਰ ਪੂਰਾ ਕਰਨ 'ਚ ਸਾਡੀ ਮਦਦ ਕਰ ਸਕਣ ਅਤੇ ਸਥਿਤੀ ਆਮ ਹੋਣ 'ਤੇ ਆਪਣੇ ਪੁਰਾਣੇ ਕੰਮ 'ਤੇ ਵਾਪਸ ਪਰਤ ਸਕਣ। ਜ਼ਿਕਰਯੋਗ ਹੈ ਕਿ ਸਿਰਫ ਐਮਾਜ਼ੋਨ ਦਾ ਇਹ ਹਾਲ ਨਹੀਂ ਹੈ ਹੋਰ ਸੂਪਰ ਮਾਰਕਿਟ Albertsons,Kroger ਅਤੇ Raley's ਨੂੰ ਵੀ ਆਪਣੇ ਆਰਡਰ ਪੂਰੇ ਕਰਨ ਲਈ ਹੋਰ ਸਟਾਫ ਹਾਇਰ ਕਰਨਾ ਪੈ ਰਿਹਾ ਹੈ।
 


Related News