ਬਲੋਚਿਸਤਾਨ : ਭਰਾਵਾਂ ਦੀਆਂ ਲਾਸ਼ਾਂ ਲੈਣ ਲਈ ਤੜਫ ਰਹੀ ਭੈਣ, ਦੱਸਿਆ ਪਾਕਿ ਫ਼ੌਜ ਦਾ ਅਸਲੀ ਰੂਪ

10/03/2020 2:14:29 PM

ਬਲੋਚਿਸਤਾਨ- ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿਚ 28-29 ਸਤੰਬਰ ਨੂੰ ਦੋ ਬਲੂਚ ਭਰਾਵਾਂ ਨੂੰ ਪਾਕਿਸਤਾਨੀ ਫ਼ੌਜ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪਰਿਵਾਰ ਨੇ ਬਲੋਚਿਸਤਾਨ ਦੇ ਜ਼ਿਲ੍ਹੇ ਕੇਚ ਵਿਚ ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਕੀਤੀ। ਮ੍ਰਿਤਕ ਨੌਜਵਾਨਾਂ ਦੀ ਭੈਣ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਆਖਰੀ ਵਾਰ ਉਸ ਦੇ ਭਰਾਵਾਂ ਨੂੰ ਦੇਖਣ ਵੀ ਨਹੀਂ ਦਿੱਤਾ।

ਰਿਪੋਰਟਾਂ ਮੁਤਾਬਕ ਇਰਫਾਨ ਬਲੂਚ ਤੇ ਨੂਰ ਬਲੂਚ ਦੇ ਪਰਿਵਾਰ ਨੇ ਪ੍ਰੈੱਸ ਕਾਨਫਰੰਸ ਕੀਤੀ, ਜਿਸ ਵਿਚ ਪਾਕਿਸਤਾਨੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਆਰਡੀਨੇਟਰ ਘਨੀ ਪਰਵੇਜ਼ ਵੀ ਮੌਜੂਦ ਸਨ। ਦੱਸ ਦਈਏ ਕਿ ਨੂਰ ਤੇ ਇਰਫਾਨ ਬਲੋਚਿਸਤਾਨ ਲਿਬਰੇਸ਼ਨ ਫਰੰਟ ਦੇ ਮੈਂਬਰ ਸਨ ਅਤੇ ਇਨ੍ਹਾਂ ਨੂੰ ਇਕ ਝੜਪ ਦੌਰਾਨ ਪਾਕਿਸਾਤਨੀ ਫ਼ੌਜ ਨੇ ਮਾਰ ਦਿੱਤਾ ਗਿਆ ਸੀ। ਪਰਿਵਾਰ ਨੇ ਕਿਹਾ ਕਿ ਉਹ ਪਾਕਿਸਤਾਨੀ ਫ਼ੌਜ ਦਾ ਅਸਲੀ ਚਿਹਰਾ ਲੋਕਾਂ ਅੱਗੇ ਲਿਆਉਣਾ ਚਾਹੁੰਦੇ ਹਨ।

 
ਸ਼ੀਲਾ ਮੁਸਤਫਾ ਨੇ ਦੱਸਿਆ ਕਿ ਉਹ ਸ਼ਹੀਦ ਹੋਏ ਗੁਲਾਮ ਮੁਸਤਫਾ ਦੀ ਧੀ ਹੈ, ਜਿਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਨੇ 2013 ਵਿਚ ਮਾਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਨੇ ਬਲੋਚਿਸਤਾਨ ਵਿਚ ਹੋਣ ਵਾਲੀਆਂ ਚੋਣਾਂ ਦਾ ਵਿਰੋਧ ਕੀਤਾ ਸੀ। ਉਨ੍ਹਾਂ ਦੇ ਕਤਲ ਦੇ ਬਾਅਦ ਉਨ੍ਹਾਂ ਦੇ ਘਰ ਨੂੰ ਕਈ ਵਾਰ ਅੱਗ ਲਾਈ ਗਈ ਤੇ ਉਹ ਬਿਨਾਂ ਘਰ ਦੇ ਰਹਿਣ ਲਈ ਮਜ਼ਬੂਰ ਹੋ ਗਏ। ਕਈ ਵਾਰ ਉਨ੍ਹਾਂ ਕੋਲ ਖਾਣ ਲਈ ਤਾਂ ਕੀ ਪੀਣ ਲਈ ਇਕ ਗਿਲਾਸ ਪਾਣੀ ਵੀ ਨਹੀਂ ਹੁੰਦਾ ਸੀ। ਹੁਣ ਉਸ ਦੇ ਭਰਾ ਨੂਰ ਤੇ ਇਮਫਾਨ ਨੂੰ ਵੀ ਮਾਰ ਦਿੱਤਾ ਗਿਆ। ਉਹ ਸਵੇਰ ਤੋਂ ਭਰਾਵਾਂ ਦੀਆਂ ਲਾਸ਼ਾਂ ਲੈਣ ਲਈ ਉਡੀਕ ਕਰਦੀ ਰਹੀ ਤੇ ਪੁਲਸ ਨੇ ਰਾਤ 10 ਵਜੇ ਆ ਕੇ ਲਾਸ਼ਾਂ ਲੈ ਜਾਣ ਲਈ ਕਿਹਾ। ਉਹ ਪੂਰੀ ਰਾਤ ਉੱਥੇ ਉਡੀਕਦੀ ਰਹੀ ਪਰ ਉਸ ਨੂੰ ਖਾਲੀ ਹੱਥ ਮੋੜ ਦਿੱਤਾ ਗਿਆ। ਵਾਰ-ਵਾਰ ਉਨ੍ਹਾਂ ਨੂੰ ਮੋੜ ਦਿੱਤਾ ਗਿਆ ਤੇ ਦੋ ਕੁ ਦਿਨਾਂ ਬਾਅਦ ਬਿਨਾਂ ਕੋਈ ਧਾਰਮਿਕ ਰਸਮ ਨਿਭਾਏ ਦੋਹਾਂ ਦੀਆਂ ਲਾਸ਼ਾਂ ਨੂੰ ਟਰੈਕਟਰ ਨਾਲ ਟੋਇਆ ਪੁੱਟ ਕੇ ਸੁੱਟ ਦਿੱਤਾ ਗਿਆ। ਉਸ ਨੇ ਕਿਹਾ ਕਿ ਜਦ ਤਕ ਉਸ ਨੂੰ ਆਪਣੇ ਭਰਾਵਾਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਜਾਣਗੀਆਂ ਉਹ ਵਿਰੋਧ ਕਰਦੀ ਰਹੇਗੀ। 


Lalita Mam

Content Editor

Related News