ਯੂਨੀਸ ਤੂਫਾਨ ਦੇ ਮੱਦੇਨਜ਼ਰ ਬ੍ਰਿਟੇਨ ਦੇ ਜ਼ਿਆਦਾਤਰ ਹਿੱਸਿਆਂ 'ਚ 'ਰੈੱਡ ਅਲਰਟ' ਜਾਰੀ

Friday, Feb 18, 2022 - 05:27 PM (IST)

ਯੂਨੀਸ ਤੂਫਾਨ ਦੇ ਮੱਦੇਨਜ਼ਰ ਬ੍ਰਿਟੇਨ ਦੇ ਜ਼ਿਆਦਾਤਰ ਹਿੱਸਿਆਂ 'ਚ 'ਰੈੱਡ ਅਲਰਟ' ਜਾਰੀ

ਲੰਡਨ (ਵਾਰਤਾ)- ਮੌਸਮ ਵਿਭਾਗ ਨੇ 145 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਹੀ ਯੂਨੀਸ ਤੂਫਾਨ ਦੇ ਇੰਗਲੈਂਡ ਅਤੇ ਸਾਊਥ ਵੇਲਜ਼ ਦੇ ਪੱਛਮੀ ਤੱਟ ਨਾਲ ਸ਼ੁੱਕਰਵਾਰ ਨੂੰ ਟਕਰਾਉਣ ਤੋਂ ਬਾਅਦ ਬ੍ਰਿਟੇਨ ਦੇ ਜ਼ਿਆਦਾਤਰ ਹਿੱਸਿਆਂ ਲਈ 'ਰੈੱਡ ਅਲਰਟ' ਜਾਰੀ ਕੀਤਾ ਹੈ। ਵਿਭਾਗ ਵੱਲੋਂ ਤਾਜ਼ਾ ਮੌਸਮ ਦੀ ਭਵਿੱਖਬਾਣੀ ਵਿਚ ਮੁੱਖ ਮੌਸਮ ਵਿਗਿਆਨੀ ਪਾਲ ਗੁੰਡਸਨ ਦੇ ਹਵਾਲਾ ਨਾਲ ਕਿਹਾ ਗਿਆ, "ਯੂਨੀਸ ਤੂਫਾਨ ਪਿਛਲੇ ਕੁਝ ਸਾਲਾਂ ਵਿਚ ਤੂਫਾਨਾਂ ਵਿਚੋਂ ਭਿਆਨਕ ਤੂਫਾਨ ਹੈ, ਜੋ ਬ੍ਰਿਟੇਨ ਦੇ ਦੱਖਣੀ ਅਤੇ ਕੇਂਦਰੀ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।"

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਜਿਨ੍ਹਾਂ ਇਲਾਕਿਆਂ ਲਈ ਰੈੱਡ ਅਲਰਟ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਉਹ ਇਸ ਗੱਲ ਦਾ ਸੰਕੇਤ ਹੈ ਕਿ ਇਨ੍ਹਾਂ ਇਲਾਕਿਆਂ 'ਚ ਤੇਜ਼ ਹਵਾਵਾਂ ਚੱਲਣ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਨਾਲ ਹੀ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਬਰਤਾਨੀਆ ਦੀ ਵਾਤਾਵਰਨ ਏਜੰਸੀ ਨੇ ਇਕ ਬਿਆਨ ਜਾਰੀ ਕਰਕੇ ਤੱਟਵਰਤੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਹੜ੍ਹਾਂ ਨਾਲ ਨਜਿੱਠਣ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਹੈ। ਯੂਕੇ ਦੇ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਘੱਟ ਹੀ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਮੌਸਮ ਵਿਭਾਗ ਨੇ ਨਵੰਬਰ 2021 'ਚ ਆਰਵੇਨ ਤੂਫਾਨ ਸਮੇਂ ਰੈੱਡ ਅਲਰਟ ਜਾਰੀ ਕੀਤਾ ਸੀ। ਇਸ ਦੇ ਨਾਲ ਹੀ ਮਾਰਚ 2018 'ਚ ਤੇਜ਼ ਹਵਾ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀਰਵਾਰ ਨੂੰ ਕਿਹਾ ਕਿ ਫੌਜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤਿਆਰ ਹੈ।


author

cherry

Content Editor

Related News