ਕੈਨੇਡਾ : ਕੋਰੋਨਾ ਨੂੰ ਨੱਥ ਪਾਉਣ ਲਈ ਓਂਟਾਰੀਓ ਹੋਰ ਸਿਹਤ ਕਾਮਿਆਂ ਦੀ ਕਰੇਗਾ ਭਰਤੀ
Tuesday, Sep 29, 2020 - 11:50 AM (IST)

ਓਂਟਾਰੀਓ- ਕੋਰੋਨਾ ਵਾਇਰਸ ਨੂੰ ਨੱਥ ਪਾਉਣ ਲਈ ਓਂਟਾਰੀਓ ਸਰਕਾਰ ਨੇ ਲੱਕ ਬੰਨ੍ਹ ਲਿਆ ਹੈ ਤੇ ਜਲਦੀ ਹੀ ਸਰਕਾਰ ਹਸਪਤਾਲਾਂ ਵਿਚ ਕਾਮਿਆਂ ਤੇ ਨਰਸਾਂ ਦੀ ਨਵੀਂ ਭਰਤੀ ਕਰਨ ਜਾ ਰਹੀ ਹੈ। ਸੂਬਾ ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਹੈ ਕਿ ਉਹ 52.5 ਮਿਲੀਅਨ ਡਾਲਰ ਦਾ ਖਰਚ ਕਰ ਕੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਲਈ 3700 ਕਾਮਿਆਂ ਨੂੰ ਭਰਤੀ ਕਰਨਗੇ।
ਇਨ੍ਹਾਂ ਨੂੰ ਹਸਪਤਾਲਾਂ ਤੇ ਲੰਬੇ ਸਮੇਂ ਲਈ ਕੇਅਰ ਹੋਮਜ਼ ਵਿਚ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੰਗੇ ਵਿਅਕਤੀਆਂ ਤੇ ਬੀਬੀਆਂ ਦੀ ਜ਼ਰੂਰਤ ਹੈ ਜੋ ਸੂਬੇ ਨੂੰ ਕੋਰੋਨਾ 'ਤੇ ਜਿੱਤ ਪਾਉਣ ਵਿਚ ਮਦਦ ਕਰਨ।
ਉਨ੍ਹਾਂ ਕਿਹਾ ਕਿ ਇਹ ਤਾਂ ਹੁਣ ਤੱਕ ਸਪੱਸ਼ਟ ਹੋ ਚੁੱਕਾ ਹੈ ਕਿ ਕੋਰੋਨਾ ਦਾ ਦੂਜਾ ਦੌਰ ਪਹਿਲੇ ਨਾਲੋਂ ਵਧੇਰੇ ਬੁਰਾ ਤੇ ਖ਼ਤਰਨਾਕ ਹੋਵੇਗਾ। ਇਸ ਲਈ ਜ਼ਿਆਦਾ ਮੈਡੀਕਲ ਸਟਾਫ ਦੀ ਲੋੜ ਪੈ ਸਕਦੀ ਹੈ। ਨਵੇਂ ਫੰਡ ਨਾਲ ਸੂਬੇ ਵਿਚ 1400 ਨਵੀਆਂ ਨਰਸਾਂ ਦੀ ਭਰਤੀ ਕੀਤੀ ਜਾਵੇਗੀ। ਜੇਕਰ ਉਹ ਅਗਲੇ ਹੋਰ 6 ਮਹੀਨਿਆਂ ਲਈ ਲੰਬੇ ਸਮੇਂ ਦੇ ਕੇਅਰ ਹੋਮਜ਼ ਵਿਚ ਕੰਮ ਕਰਨ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ 5 ਹਜ਼ਾਰ ਡਾਲਰ ਦਾ ਬੋਨਸ ਵੱਖਰਾ ਮਿਲੇਗਾ। ਇਨ੍ਹਾਂ ਕੇਅਰ ਹੋਮਜ਼ ਵਿਚ ਕੋਰੋਨਾ ਕਾਰਨ ਵਧੇਰੇ ਮੌਤਾਂ ਹੋਈਆਂ ਹਨ, ਇਸ ਲਈ ਇੱਥੇ ਵਧੇਰੇ ਸਟਾਫ ਦੀ ਜ਼ਰੂਰਤ ਹੈ।