ਓਂਟਾਰੀਓ ''ਚ ਭਾਰੀ ਬਰਫਬਾਰੀ, ਲੋਕਾਂ ਨੇ ਲਏ ਨਜ਼ਾਰੇ
Tuesday, Nov 24, 2020 - 04:30 PM (IST)
ਓਂਟਾਰੀਓ- ਐਤਵਾਰ ਨੂੰ ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਭਾਰੀ ਬਰਫ਼ਬਾਰੀ ਹੋਈ ਤੇ ਇਸ ਕਾਰਨ ਠੰਡ ਹੋਰ ਵੱਧ ਗਈ। ਸਰਦੀਆਂ ਦੀ ਪਹਿਲੀ ਬਰਫਬਾਰੀ ਦੇਖ ਲੋਕਾਂ ਦੇ ਚਿਹਰੇ ਫੁੱਲਾਂ ਵਾਂਗ ਖਿੜ ਗਏ। ਹਾਲਾਂਕਿ ਡਰਾਈਵਰਾਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ।
ਜਿਵੇਂ ਕਿ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਕੁਝ ਖੇਤਰਾਂ ਵਿਚ ਰਿਕਾਰਡ ਪੱਧਰ 'ਤੇ ਬਰਫਬਾਰੀ ਹੋਵੇਗੀ, ਅਜਿਹਾ ਹੀ ਹੋਇਆ।
ਸਭ ਤੋਂ ਵੱਧ ਭਾਰੀ ਬਰਫਬਾਰੀ ਬਰੈਂਪਟਨ ਵਿਚ ਹੋਈ, ਜੋ 24.5 ਸੈਂਟੀ ਮੀਟਰ ਤੱਕ ਰਿਕਾਰਡ ਕੀਤੀ ਗਈ। 22 ਨਵੰਬਰ ਨੂੰ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ 'ਤੇ 19 ਸੈਂਟੀਮੀਟਰ ਉੱਚੀ ਬਰਫ ਦੀ ਢੇਰੀ ਲੱਗ ਗਈ। ਇਸ ਨੇ 2007 ਦਾ ਰਿਕਾਰਡ ਤੋੜ ਦਿੱਤਾ ਤੇ ਉਸ ਤੋਂ 7.6 ਸੈਂਟੀਮੀਟਰ ਵੱਧ ਬਰਫਬਾਰੀ ਹੋਈ।
ਵਾਤਾਵਰਣ ਕੈਨੇਡਾ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਬਰਫੀਲੇ ਤੂਫਾਨ ਤੋਂ ਬਚਣ ਲਈ ਲੋਕਾ ਨੂੰ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਹਨ ਤੇ ਕਾਫੀ ਹੱਦ ਤੱਕ ਲੋਕਾਂ ਨੇ ਇਸ ਦਾ ਧਿਆਨ ਵੀ ਰੱਖਿਆ। ਸੜਕਾਂ ਤਿਲਕਣੀਆਂ ਹੋਣ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ। ਲੋਕਾਂ ਨੇ ਇਸ ਦਾ ਕਾਫੀ ਮਜ਼ਾ ਲਿਆ ਤੇ ਕਈਆਂ ਨੇ ਤਾਂ ਸਨੋਅ ਮੈਨ ਵੀ ਬਣਾਇਆ। ਲੋਕਾਂ ਨੇ ਇਸ ਬਰਫਬਾਰੀ ਵਿਚ ਸੈਰ ਕੀਤੀ ਤੇ ਤਸਵੀਰਾਂ ਤੇ ਵੀਡੀਓ ਵੀ ਸਾਂਝੀਆਂ ਕੀਤੀਆਂ। ਓਰੈਂਜ ਕਾਰਨਰਜ਼ ਦਾ ਹਾਈਵੇਅ 7 ਭਾਰੀ ਬਰਫ ਨਾਲ ਭਰ ਗਿਆ।