ਭਾਰਤੀਆਂ ਨੂੰ ਜਲਦ ਮਿਲ ਸਕਦੀ ਹੈ ਖ਼ੁਸ਼ਖ਼ਬਰੀ, ਅਮਰੀਕਾ ਤੋਂ H-1B ਵੀਜ਼ਾ ਨੂੰ ਲੈ ਕੇ ਆਈ ਵੱਡੀ ਖ਼ਬਰ

Friday, Sep 30, 2022 - 01:38 PM (IST)

ਭਾਰਤੀਆਂ ਨੂੰ ਜਲਦ ਮਿਲ ਸਕਦੀ ਹੈ ਖ਼ੁਸ਼ਖ਼ਬਰੀ, ਅਮਰੀਕਾ ਤੋਂ H-1B ਵੀਜ਼ਾ ਨੂੰ ਲੈ ਕੇ ਆਈ ਵੱਡੀ ਖ਼ਬਰ

ਵਾਸ਼ਿੰਗਟਨ (ਭਾਸ਼ਾ)- ਏਸ਼ੀਆਈ ਅਮਰੀਕੀ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ 'ਤੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ਵਿੱਚ ਐੱਚ-1ਬੀ ਵੀਜ਼ਾ 'ਤੇ ਮੋਹਰ ਲਗਾਉਣ ਦੀ ਸਿਫਾਰਿਸ਼ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਜੇਕਰ ਰਾਸ਼ਟਰਪਤੀ ਜੋਅ ਬਾਈਡੇਨ ਇਸ ਨੂੰ ਮਨਜ਼ੂਰੀ ਦਿੰਦੇ ਹਨ, ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ, ਖ਼ਾਸ ਕਰਕੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ। H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਖ਼ਾਸ ਮੁਹਾਰਤ ਵਾਲੇ ਪੇਸ਼ੇਵਰਾਂ ਵਿੱਚ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ।

ਇਹ ਵੀ ਪੜ੍ਹੋ: ਅਮਰੀਕਾ: ਟੈਕਸਾਸ ਦੇ ਰਿਹਾਇਸ਼ੀ ਇਲਾਕੇ 'ਚੋਂ ਮਿਲੀਆਂ 5 ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ

ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਕਰਨ ਲਈ ਇਸ 'ਤੇ ਨਿਰਭਰ ਰਹਿੰਦੀਆਂ ਹਨ। ਮੌਜੂਦਾ ਪ੍ਰਕਿਰਿਆ ਲਈ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ਵਿਚ ਕੰਮ ਕਰਨ ਲਈ ਆਪਣੇ ਦੇਸ਼ ਵਿੱਚ ਅਮਰੀਕੀ ਕੌਂਸਲੇਟ ਜਾਂ ਦੂਤਾਵਾਸ ਵਿੱਚ ਵੀਜ਼ਾ 'ਤੇ ਮੋਹਰ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ। ਏਸ਼ੀਆਈ ਅਮਰੀਕੀ, ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਟਾਪੂ ਵਾਸੀਆਂ 'ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ 'ਚ ਹੋਈ ਬੈਠਕ 'ਚ ਇਹ ਫ਼ੈਸਲਾ ਲਿਆ। ਐਚ-1ਬੀ ਵੀਜ਼ਾ ਪ੍ਰਾਪਤ ਕਰਨ ਜਾਂ ਉਸ ਦੇ ਨਵੀਨੀਕਰਨ ਦੀ ਉਡੀਕ ਕਰ ਰਹੇ ਵੱਡੀ ਗਿਣਤੀ ਵਿੱਚ ਲੋਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਭਾਰਤ ਵਰਗੇ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਵੀਜ਼ਾ ਅਰਜ਼ੀਆਂ ਲੰਬਿਤ ਹਨ ਅਤੇ ਉਥੇ ਮੌਜੂਦਾ ਸਮੇਂ ਵਿਚ ਉਡੀਕ ਦਾ ਸਮਾਂ ਇਕ ਸਾਲ ਤੋਂ ਜ਼ਿਆਦਾ ਹੈ। ਕਮਿਸ਼ਨ ਦੇ ਮੈਂਬਰ ਭਾਰਤੀ-ਅਮਰੀਕੀ ਨਾਗਰਿਕ ਜੈਨ ਭੂਟੋਰੀਆ ਨੇ ਐੱਚ-1ਬੀ ਵੀਜ਼ਾ 'ਤੇ ਮੋਹਰ ਲਾਉਣ ਦੀ ਸਿਫਾਰਿਸ਼ ਕੀਤੀ ਸੀ।

ਇਹ ਵੀ ਪੜ੍ਹੋ: ਅਮਰੀਕਾ ਦੀਆਂ 4 ਭੈਣਾਂ ਨੂੰ ਰੱਬ ਨੇ ਬਖਸ਼ਿਆ ਲੰਮੀ ਉਮਰ ਦਾ ਤੋਹਫ਼ਾ, ਚਾਰਾਂ ਦੀ ਸੰਯੁਕਤ ਉਮਰ ਹੈ 389 ਸਾਲ

ਭੂਟੋਰੀਆ ਨੇ ਬੈਠਕ ਵਿੱਚ ਕਮਿਸ਼ਨ ਦੇ ਮੈਂਬਰਾਂ ਨੂੰ ਕਿਹਾ, "ਸਾਡੀ ਇਮੀਗ੍ਰੇਸ਼ਨ ਪ੍ਰਕਿਰਿਆ ਦੇ ਅਨੁਸਾਰ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਇੱਥੇ ਅਮਰੀਕਾ ਵਿੱਚ ਰਹਿਣ ਅਤੇ ਸਾਡੀ ਆਰਥਿਕਤਾ, ਨਵੀਨਤਾ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਦਾ ਮੌਕਾ ਦਿੱਤਾ ਜਾਂਦਾ ਹੈ।' ਉਨ੍ਹਾਂ ਕਿਹਾ ਕਿ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹੇ ਹਾਲਾਤ ਵੀ ਹੁੰਦੇ ਹਨ, ਜਦੋਂ ਕਈ ਲੋਕ ਜਿਨ੍ਹਾਂ ਦੇ ਮਾਤਾ-ਪਿਤਾ ਆਈਸੀਯੂ ਵਿੱਚ ਦਾਖ਼ਲ ਹੁੰਦੇ ਹਨ ਜਾਂ ਗੰਭੀਰ ਹਾਲਤ ਵਿੱਚ ਹੁੰਦੇ ਹਨ ਜਾਂ ਕਿਸੇ ਦੇ ਸਰਪ੍ਰਸਤ ਦੀ ਮੌਤ ਹੋ ਜਾਂਦੀ ਹੈ ਪਰ ਉਹ ਵਾਪਸ ਨਹੀਂ ਜਾ ਪਾਉਂਦੇ, ਕਿਉਂਕਿ ਉਨ੍ਹਾਂ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਦੇ ਦੇਸ਼ ਵਿਚ ਵੀਜ਼ਾ ਅਰਜ਼ੀ ਅਟਕੀ ਨਾ ਰਹਿ ਜਾਵੇ।' ਭੂਟੋਰੀਆ ਨੇ ਕਿਹਾ, “ਭਾਰਤ ਵਿੱਚ ਵੀਜ਼ਾ ਪ੍ਰਾਪਤ ਕਰਨ ਲਈ ਉਡੀਕ ਦੀ ਮਿਆਦ 844 ਦਿਨ ਹੈ। ਪਾਕਿਸਤਾਨ, ਬੰਗਲਾਦੇਸ਼ ਅਤੇ ਹੋਰ ਕਈ ਦੇਸ਼ਾਂ ਦੀ ਵੀ ਇਹੋ ਸਥਿਤੀ ਹੈ। ਇਸ ਲਈ ਉਨ੍ਹਾਂ ਦੇ ਵੀਜ਼ੇ 'ਤੇ ਮੋਹਰ ਨਹੀਂ ਲੱਗਦੀ ਅਤੇ ਉਹ ਫਸ ਜਾਂਦੇ ਹਨ।' ਭਾਰਤੀ ਮੂਲ ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਨੇ ਕਿਹਾ ਕਿ ਇਹ ਪਰਿਵਾਰ ਤੋਂ ਵੱਖ ਹੋਣ ਅਤੇ ਐੱਚ-1ਬੀ ਵੀਜ਼ਾ ਧਾਰਕ ਦੀ ਇੱਜ਼ਤ ਦਾ ਮੁੱਦਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News