ਮੈਲਬੋਰਨ ''ਚ ਕੋਰੋਨਾ ਲਾਗ ਦੇ ਮਾਮਲੇ ਵੱਧਣ ਕਾਰਨ ਦੁਬਾਰਾ ਲਾਗੂ ਕੀਤਾ ਲਾਕਡਾਊਨ
Thursday, Jul 09, 2020 - 01:41 AM (IST)
ਮੈਲਬੋਰਨ - ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੋਰਨ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਦੂਜੀ ਵਾਰ ਲਾਕਡਾਊਨ ਲਾਇਆ ਗਿਆ ਹੈ। ਨਵੇਂ ਆਦੇਸ਼ ਦੇ ਤਹਿਤ ਕਰੀਬ 50 ਲੱਖ ਮੈਲਬੋਰਨ ਵਾਸੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਜ਼ਰੂਰੀ ਸੇਵਾਵਾਂ ਲਈ ਉਹ ਘਰ ਤੋਂ ਨਿਕਲ ਪਾਉਣਗੇ। ਸਥਾਨਕ ਪੁਲਸ ਮੁਤਾਬਕ ਸ਼ਹਿਰ ਦੇ ਚਾਰੋ ਪਾਸੇ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਵਿਚ ਕਈ ਚੈੱਕ ਪੁਆਇੰਟ ਵੀ ਬਣਾਏ ਗਏ ਹਨ। ਉਥੇ ਹੀ ਮੰਗਲਵਾਰ ਨੂੰ ਹੀ ਵਿਕਟੋਰੀਆ ਦੀ ਦੂਜੇ ਸੂਬਿਆਂ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ।
ਮੈਲਬੋਰਨ ਵਿਕਟੋਰੀਆ ਦੀ ਰਾਜਧਾਨੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਬੁੱਧਵਾਰ ਨੂੰ ਮੈਲਬੋਰਨ ਵਾਸੀਆਂ ਲਈ ਆਖਿਆ ਕਿ ਤੁਸੀਂ ਲੋਕ ਅਜੇ ਜੋ ਸਹਿ ਰਹੇ ਹੋ, ਉਸ ਦੀ ਕੀਮਤ ਪੂਰਾ ਦੇਸ਼ ਜਾਣਦਾ ਹੈ। ਤੁਸੀਂ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਨਹੀਂ ਸਹਿ ਰਹੇ ਹੋ ਬਲਕਿ ਪੂਰੇ ਆਸਟ੍ਰੇਲੀਆਈ ਭਾਈਚਾਰੇ ਲਈ ਇਹ ਪਾਬੰਦੀ ਸਹਿ ਰਹੇ ਹੋ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊ ਨੇ ਮੰਗਲਵਾਰ ਨੂੰ ਮੈਲਬੋਰਨ ਵਿਚ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਸੀ। ਮੰਗਲਾਵਰ ਨੂੰ ਸ਼ਹਿਰ ਵਿਚ ਕੋਰੋਨਾ ਦੇ ਰਿਕਾਰਡ 191 ਮਾਮਲੇ ਸਾਹਮਣੇ ਆਏ ਸਨ। ਜਦਕਿ ਬੁੱਧਵਾਰ ਨੂੰ ਮੈਲਬੋਰਨ ਵਿਚ ਕੋਰੋਨਾਵਾਇਰਸ ਦੇ 134 ਨਵੇਂ ਮਾਮਲੇ ਆਏ ਹਨ। ਇਹ ਆਸਟ੍ਰੇਲੀਆਈ ਦੇ ਦੂਜੇ ਸ਼ਹਿਰਾਂ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਹੁਣ ਤੱਕ ਆਸਟ੍ਰੇਲੀਆਈ ਵਿਚ ਕੋਰੋਨਾਵਾਇਰਸ ਦੇ 9,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਦਕਿ 106 ਲੋਕਾਂ ਦੀ ਵਾਇਰਸ ਕਾਰਨ ਮੌਤ ਹੋਈ ਹੈ।