ਸ਼ੌਂਕ ਨਾਲ ਉਗਾਏ ਪੌਦਿਆਂ ਨੇ ਕੀਤਾ ਮਾਲੋ-ਮਾਲ, ਇਕ ਪੱਤਾ ਵਿਕਦੈ ਹਜ਼ਾਰਾਂ ਪੌਂਡ ''ਚ
Tuesday, Dec 08, 2020 - 04:56 PM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਕਈ ਵਾਰ ਸ਼ੌਂਕੀਆ ਤੌਰ 'ਤੇ ਕੀਤੇ ਕੰਮ ਚੰਗੀ ਕਮਾਈ ਦਾ ਸਾਧਨ ਵੀ ਬਣ ਜਾਂਦੇ ਹਨ। ਅਜਿਹਾ ਹੀ ਇਕ ਕੰਮ ਯੂ. ਕੇ. ਦੇ ਇਕ ਵਿਅਕਤੀ ਨੇ ਕਰ ਵਿਖਾਇਆ ਹੈ ,ਜਿਸ ਨੇ ਆਪਣੇ ਘਰ ਨੂੰ ਦੁਰਲੱਭ ਨਸਲ ਦੇ ਪੌਦਿਆਂ ਦੇ ਜੰਗਲ ਵਿਚ ਬਦਲ ਦਿੱਤਾ ਹੈ ਅਤੇ ਹੁਣ ਉਹ ਆਪਣੇ ਨਸਲੀ ਪੌਦਿਆਂ ਦੇ ਕੁਝ ਹਿੱਸੇ ਵੇਚ ਕੇ ਪ੍ਰਤੀ ਪੱਤਾ 12,000 ਪੌਂਡ ਬਣਾ ਰਿਹਾ ਹੈ।
30 ਸਾਲਾ ਟੋਨੀ ਲੇਅ ਬਰਿਟਟਨ ਨੇ ਚੇਲਟਨਹੈਮ ਵਿਖੇ ਆਪਣੇ ਘਰ ਵਿਖੇ ਦੁਨੀਆ ਦੇ ਕੁੱਝ ਕੀਮਤੀ ਪੌਦਿਆਂ ਦੀਆਂ ਕਿਸਮਾਂ ਦੀ ਕਾਸ਼ਤ ਕੀਤੀ ਹੈ ਅਤੇ ਆਪਣੇ ਇਸ ਜਨੂੰਨ ਨੂੰ ਪੂਰਾ ਕਰਨ ਲਈ ਆਪਣੇ ਵਾਧੂ ਕਮਰੇ ਨੂੰ ਗ੍ਰੀਨਹਾਊਸ ਵਿਚ ਬਦਲ ਦਿੱਤਾ ਹੈ। ਉਸ ਕੋਲ ਪੌਦਿਆਂ ਦੇ ਸੰਗ੍ਰਹਿ ਵਿਚ ਅਜਿਹੇ ਪੌਦੇ ਵੀ ਸ਼ਾਮਲ ਹਨ, ਜਿਨ੍ਹਾਂ ਦੀਆਂ ਪ੍ਰਜਾਤੀਆਂ ਨੂੰ ਖ਼ਤਮ ਹੋਇਆ ਮੰਨਿਆ ਜਾਂਦਾ ਸੀ।
ਉਸ ਦੇ ਘਰੇਲੂ ਬਗੀਚੇ ਵਿਚ ਰੇਫੀਡੋਫੋਰਾ ਟੈਟਰਾਸਪਰਮਾ ਵੈਰੀਗੇਟਾ ਨਾਮ ਦਾ ਦੁਰਲੱਭ ਕਿਸਮ ਦਾ ਪੌਦਾ ਹੈ ,ਜਿਸ ਦਾ ਇਕ ਪੱਤਾ ਲੈਣ ਲਈ 12,000 ਪੌਂਡ ਦੇ ਤਿੰਨ ਪ੍ਰੀ-ਆਰਡਰ ਹਨ ਜਦਕਿ ਹੋਰ ਚਾਹਵਾਨ ਖਰੀਦਦਾਰ ਇਸ ਦੀ ਉਡੀਕ ਸੂਚੀ ਵਿਚ ਹਨ। ਇਸ ਦੇ ਇਲਾਵਾ ਬੇਗੋਨਿਆ ਕਲੋਰਿਸਟੀਕਾ ਇਕ ਵਿਦੇਸ਼ੀ ਪੌਦਾ ਜੋ ਪਹਿਲਾਂ ਖਤਮ ਹੋਇਆ ਸਮਝਿਆ ਜਾਂਦਾ ਸੀ, ਹੁਣ ਟੋਨੀ ਦੇ ਗ੍ਰੀਨਹਾਊਸ ਵਿਚ ਵੀ ਇਕ ਵਿਸ਼ੇਸ਼ ਸਥਾਨ ਰੱਖਦਾ ਹੈ।
ਇਹ ਵੀ ਪੜ੍ਹੋ- ਕੈਨੇਡਾ : ਕਿਸਾਨਾਂ ਦੇ ਹੱਕ 'ਚ ਵਿਨੀਪੈੱਗ 'ਚ ਪੰਜਾਬੀਆਂ ਨੇ ਕੱਢੀ ਰੈਲੀ
ਟੋਨੀ ਅਨੁਸਾਰ ਪੌਦਿਆਂ ਵਿਚ ਉਸ ਦੀ ਰੁਚੀ ਉਸ ਨੂੰ ਦਾਦਾ-ਦਾਦੀ ਤੋਂ ਮਿਲੀ ਹੈ ਅਤੇ ਉਸ ਦੀ ਸਖ਼ਤ ਮਿਹਨਤ ਦੇ ਨਤੀਜੇ ਨਾਲ ਸੈਂਕੜੇ ਪੌਦਿਆਂ ਨਾਲ ਉਸ ਦੇ ਦੋ ਕਮਰੇ ਭਰੇ ਹੋਏ ਹਨ। ਇਸ ਦੇ ਨਾਲ ਹੀ ਟੋਨੀ ਬਾਕਾਇਦਾ ਆਪਣੇ 17,000 ਫਾਲੋਅਰਜ਼ ਨੂੰ ਇੰਸਟਾਗ੍ਰਾਮ ਉੱਤੇ ਪੌਦਿਆਂ ਦੀਆਂ ਤਸਵੀਰਾਂ ਪੋਸਟ ਕਰਦਾ ਹੈ, ਜਿਸ ਨਾਲ ਉਹ ਵਧੀਆ ਕਮਾਈ ਕਰਦਾ ਹੈ।