ਪਾਕਿਸਤਾਨ ''ਚ ਮੀਂਹ ਨਾਲ ਸਬੰਧਿਤ ਘਟਨਾਵਾਂ ''ਚ 38 ਲੋਕਾਂ ਦੀ ਮੌਤ
Wednesday, Aug 12, 2020 - 01:05 AM (IST)

ਕਰਾਚੀ (ਭਾਸ਼ਾ): ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਤੇ ਕਰਾਚੀ ਵਿਚ ਭਾਰੀ ਮੀਂਹ ਤੇ ਅਚਾਨਕ ਆਏ ਹੜ੍ਹ ਕਾਰਣ ਤਕਰੀਬਨ 38 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਕਰਾਚੀ ਵਿਚ ਬੀਤੇ ਇਕ ਮਹੀਨੇ ਵਿਚ ਮੀਂਹ ਸਬੰਧੀ ਘਟਨਾਵਾਂ ਵਿਚ 28 ਲੋਕਾਂ ਦੀ ਮੌਤ ਹੋਈ ਹੈ ਜਦਕਿ ਬਲੋਚਿਸਤਾਨ ਸੂਬੇ ਵਿਚ 10 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਿਥੇ ਅਚਾਨਕ ਆਏ ਹੜ੍ਹ ਨੇ ਤਕਰੀਬਨ 150 ਘਰਾਂ ਨੂੰ ਤਬਾਹ ਕਰ ਦਿੱਤਾ ਹੈ। ਪਾਕਿਸਤਾਨੀ ਫੌਜ ਤੇ ਨੇਵੀ ਦੇ ਅਧਿਕਾਰੀ ਬਲੋਚਿਸਤਾਨ ਦੇ ਹੇਠਲੇ ਇਲਾਕਿਆਂ ਵਿਚ ਬਚਾਅ ਮੁਹਿੰਮ ਚਲਾ ਰਹੇ ਹਨ। ਵਿਭਾਗ ਨੇ ਦੱਸਿਆ ਕਿ ਸਿੰਧ ਸੂਬੇ ਵਿਚ ਜ਼ਿਆਦਾਤਰ ਲੋਕਾਂ ਦੀ ਮੌਤ ਕਰਾਚੀ ਵਿਚ ਹੋਈ ਹੈ। ਇਨ੍ਹਾਂ ਵਿਚੋਂ ਵਧੇਰੇ ਲੋਕਾਂ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਤੇ ਮਕਾਨ ਡਿੱਗਣ ਕਾਰਨ ਹੋਈ।