ਅਮਰੀਕਾ 'ਚ ਵਧੇ ਨਸਲੀ ਹਮਲੇ, ਦੋ ਸਾਲਾਂ 'ਚ 80 ਹਜ਼ਾਰ ਭਾਰਤੀਆਂ ਨੇ ਲਿਆ ਗੰਨ ਲਾਇਸੈਂਸ

Monday, Jul 17, 2023 - 11:38 AM (IST)

ਅਮਰੀਕਾ 'ਚ ਵਧੇ ਨਸਲੀ ਹਮਲੇ, ਦੋ ਸਾਲਾਂ 'ਚ 80 ਹਜ਼ਾਰ ਭਾਰਤੀਆਂ ਨੇ ਲਿਆ ਗੰਨ ਲਾਇਸੈਂਸ

ਇੰਟਰਨੈਸ਼ਨਲ ਡੈਸਕ- ਅਮਰੀਕਾ ਵਿੱਚ ਭਾਰਤੀਆਂ ਵਿਰੁੱਧ ਨਸਲੀ ਹਿੰਸਾ ਦੇ ਮਾਮਲੇ ਵਧਣ ਤੋਂ ਬਾਅਦ ਦੋ ਸਾਲਾਂ ਵਿੱਚ 80,000 ਭਾਰਤੀਆਂ ਨੇ ਨਵੇਂ ਬੰਦੂਕ ਲਾਇਸੈਂਸ ਲਏ ਹਨ। ਅਮਰੀਕਾ ਵਿੱਚ ਰਹਿੰਦੇ ਕਰੀਬ 40 ਲੱਖ ਭਾਰਤੀਆਂ ਵਿੱਚ ਪਹਿਲਾਂ ਬੰਦੂਕ ਰੱਖਣ ਦਾ ਰੁਝਾਨ ਨਹੀਂ ਸੀ। ਦੋ ਸਾਲ ਪਹਿਲਾਂ ਸਿਰਫ਼ 40 ਹਜ਼ਾਰ ਭਾਰਤੀਆਂ ਕੋਲ ਬੰਦੂਕਾਂ ਸਨ। ਅਮਰੀਕਾ ਦੇ ਨੈਸ਼ਨਲ ਫਾਇਰ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਹੁਣ ਬੰਦੂਕ ਲਾਇਸੈਂਸ ਵਾਲੇ ਭਾਰਤੀਆਂ ਦੀ ਗਿਣਤੀ ਇਕ ਲੱਖ 20 ਹਜ਼ਾਰ ਹੋ ਗਈ ਹੈ। ਸਰਵੇਖਣ ਮੁਤਾਬਕ 80 ਹਜ਼ਾਰ ਭਾਰਤੀਆਂ ਨੇ ਬੰਦੂਕ ਲਾਇਸੈਂਸ ਲਈ ਅਪਲਾਈ ਕਰਨ ਦਾ ਮਨ ਬਣਾ ਲਿਆ ਹੈ। ਅਮਰੀਕਾ ਵਿੱਚ ਭਾਰਤੀ ਭਾਈਚਾਰਾ ਸਭ ਤੋਂ ਸ਼ਾਂਤਮਈ ਮੰਨਿਆ ਜਾਂਦਾ ਹੈ। ਇੱਥੇ ਹਰ 100 ਅਮਰੀਕੀਆਂ 'ਤੇ 120 ਬੰਦੂਕਾਂ ਹਨ।

2020 'ਚ ਭਾਰਤੀ-ਅਮਰੀਕੀਆਂ 'ਤੇ ਹਮਲਿਆਂ 'ਚ 500% ਦਾ ਵਾਧਾ 

ਅਮਰੀਕੀ ਜਾਂਚ ਏਜੰਸੀ ਐਫਬੀਆਈ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ 2020 ਵਿੱਚ ਭਾਰਤੀ-ਅਮਰੀਕੀਆਂ 'ਤੇ ਹਮਲਿਆਂ ਵਿੱਚ 500% ਦਾ ਵਾਧਾ ਹੋਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਿੰਦੂ ਧਰਮ ਦੇ ਪੈਰੋਕਾਰ ਹਨ। ਦੂਜੇ ਪਾਸੇ ਉੱਤਰੀ ਅਮਰੀਕਾ ਵਿੱਚ ਹਿੰਦੂਆਂ ਦੀ ਇੱਕ ਸੰਸਥਾ COHNA ਦੇ ਨਿਕੁੰਜ ਤ੍ਰਿਵੇਦੀ ਦਾ ਕਹਿਣਾ ਹੈ ਕਿ ਹਿੰਦੂ ਜਿਸ ਵੀ ਦੇਸ਼ ਵਿੱਚ ਜਾ ਕੇ ਵਸਦੇ ਹਨ, ਉਸ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ। ਪਿਛਲੇ ਪੰਜ ਸਾਲਾਂ ਦੌਰਾਨ ਹਿੰਦੂਆਂ 'ਤੇ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ। ਫਿੰਕਲਸਟਾਈਨ ਮੁਤਾਬਕ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਵੱਡੇ ਦੇਸ਼ਾਂ ਵਿਚ ਹਿੰਦੂਆਂ ਖ਼ਿਲਾਫ਼ ਹਿੰਸਾ ਵਧੀ ਹੈ। ਇੱਕ ਸਾਜ਼ਿਸ਼ ਤਹਿਤ ਹਿੰਦੂ ਫੋਬੀਆ ਵਧਾਇਆ ਜਾ ਰਿਹਾ ਹੈ।

ਚੋਰ ਭਾਰਤੀ ਸਟੋਰਾਂ ਨੂੰ ਲੁੱਟ ਰਹੇ 

ਏਸ਼ੀਅਨ ਅਮਰੀਕਨ ਸਟੋਰ ਓਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਪੁਲ ਪਟੇਲ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ 'ਚ ਭਾਰਤੀਆਂ 'ਤੇ ਨਸਲੀ ਹਮਲਿਆਂ ਦੇ ਮਾਮਲੇ 279 ਤੋਂ ਵਧ ਕੇ 470 ਹੋ ਗਏ ਹਨ। ਪਟੇਲ ਦੱਸਦੇ ਹਨ ਕਿ ਅਮਰੀਕਾ ਵਿੱਚ ਸਟੋਰ ਚਲਾਉਣ ਵਾਲੇ ਭਾਰਤੀਆਂ ਨੂੰ ਅਕਸਰ ਆਸਾਨ ਸ਼ਿਕਾਰ ਸਮਝ ਕੇ ਹਮਲਾ ਕੀਤਾ ਜਾਂਦਾ ਹੈ, ਕਿਉਂਕਿ ਲੁਟੇਰੇ ਇਹ ਮੰਨ ਕੇ ਅਪਰਾਧ ਕਰਦੇ ਹਨ ਕਿ ਉੱਥੇ ਕਿਸੇ ਕੋਲ ਹਥਿਆਰ ਨਹੀਂ ਹੋਣਗੇ।

ਪਾਰਟ ਟਾਈਮ ਜੌਬ ਕਰਨ ਵਾਲੇ ਭਾਰਤੀਆਂ 'ਤੇ ਹਮਲੇ

ਛੇ ਮਹੀਨਿਆਂ 'ਚ ਭਾਰਤੀ ਮੂਲ ਦੇ 12 ਲੋਕਾਂ 'ਤੇ ਹਮਲੇ ਹੋਏ ਹਨ। ਕੈਲੀਫੋਰਨੀਆ ਅਤੇ ਜਾਰਜੀਆ ਵਿੱਚ ਸਟੋਰਾਂ ਵਿੱਚ ਪਾਰਟ ਟਾਈਮ ਨੌਕਰੀ ਕਰ ਰਹੇ ਦੋ ਭਾਰਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਪਿਛਲੇ ਮਹੀਨੇ ਓਹੀਓ ਵਿੱਚ ਇੱਕ ਭਾਰਤੀ ਵਿਦਿਆਰਥੀ ਦਾ ਕਤਲ ਹੋਇਆ ਸੀ। ਇਨ੍ਹਾਂ ਘਟਨਾਵਾਂ ਨੇ ਭਾਰਤੀਆਂ ਵਿੱਚ ਦਹਿਸ਼ਤ ਵਧਾ ਦਿੱਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੇ ਪੈਨਸਿਲਵੇਨੀਆ 'ਚ ਹੜ੍ਹ ਦਾ ਕਹਿਰ, ਪੰਜ ਲੋਕਾਂ ਦੀ ਮੌਤ ਤੇ ਦੋ ਲਾਪਤਾ 

ਅਮਰੀਕੀ ਗਨ ਕਲਚਰ ਦਾ 230 ਸਾਲ ਪੁਰਾਣਾ ਇਤਿਹਾਸ

ਅਮਰੀਕਾ ਵਿੱਚ ਬੰਦੂਕ ਸੱਭਿਆਚਾਰ ਦਾ ਇਤਿਹਾਸ ਲਗਭਗ 230 ਸਾਲ ਪੁਰਾਣਾ ਹੈ। 1791 ਵਿੱਚ ਸੰਵਿਧਾਨ ਦੀ ਦੂਜੀ ਸੋਧ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਹਥਿਆਰ ਰੱਖਣ ਅਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਕੋਈ ਸਥਾਈ ਸੁਰੱਖਿਆ ਬਲ ਨਹੀਂ ਸੀ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹਥਿਆਰ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ ਪਰ ਅਮਰੀਕਾ ਦਾ ਇਹ ਕਾਨੂੰਨ ਅੱਜ ਵੀ ਜਾਰੀ ਹੈ। ਅਮਰੀਕਾ 230 ਸਾਲਾਂ ਬਾਅਦ ਵੀ ਆਪਣਾ ਗਨ ਕਲਚਰ ਖ਼ਤਮ ਨਹੀਂ ਕਰ ਸਕਿਆ ਹੈ। ਇਸ ਦੇ ਦੋ ਮੁੱਖ ਕਾਰਨ ਹਨ। ਪਹਿਲਾ- ਕਈ ਅਮਰੀਕੀ ਰਾਸ਼ਟਰਪਤੀ ਤੋਂ ਲੈ ਕੇ ਰਾਜਾਂ ਦੇ ਰਾਜਪਾਲਾਂ ਤੱਕ ਇਸ ਸੱਭਿਆਚਾਰ ਨੂੰ ਕਾਇਮ ਰੱਖਣ ਦੀ ਵਕਾਲਤ ਕਰਦੇ ਰਹੇ ਹਨ। ਦੂਜਾ ਕਾਰਨ ਬੰਦੂਕ ਬਣਾਉਣ ਵਾਲੀਆਂ ਕੰਪਨੀਆਂ ਯਾਨੀ ਬੰਦੂਕ ਲਾਬੀ ਹੈ। ਨੈਸ਼ਨਲ ਰਾਈਫਲ ਐਸੋਸੀਏਸ਼ਨ ਯਾਨੀ NRI ਅਮਰੀਕਾ ਦੀ ਸਭ ਤੋਂ ਤਾਕਤਵਰ ਬੰਦੂਕ ਲਾਬੀ ਹੈ, ਜੋ ਉਥੋਂ ਦੇ ਸੰਸਦ ਮੈਂਬਰਾਂ ਨੂੰ ਪ੍ਰਭਾਵਿਤ ਕਰਨ ਲਈ ਬਹੁਤ ਸਾਰਾ ਪੈਸਾ ਖਰਚ ਕਰਦੀ ਹੈ। ਇਹ ਤਾਕਤਵਰ ਲਾਬੀ ਬੰਦੂਕ ਕਲਚਰ ਨੂੰ ਖ਼ਤਮ ਕਰਨ ਲਈ ਪ੍ਰਸਤਾਵਿਤ ਦੂਜੀ ਸੰਵਿਧਾਨਕ ਸੋਧ ਦਾ ਵਿਰੋਧ ਕਰਦੀ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News