ਕੋਰੋਨਾ ਨਾਲ ਜੁਡ਼ੀਆਂ ਪਾਬੰਦੀਆਂ ਜਲਦ ਹਟਾਉਣ ਨਾਲ ਸਿੱਟੇ ਹੋ ਸਕਦੇ ਘਾਤਕ - WHO
Saturday, Apr 11, 2020 - 01:07 AM (IST)
ਜੇਨੇਵਾ - ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਸ਼ੁੱਕਰਵਾਰ ਨੂੰ ਆਗਾਹ ਕੀਤਾ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਜੇਕਰ ਜਲਦਬਾਜ਼ੀ ਵਿਚ ਖਤਮ ਕੀਤੀਆਂ ਗਈਆਂ ਤਾਂ ਇਸ ਦੇ ਘਾਤਕ ਨਤੀਜੇ ਹੋ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਦੇ ਪ੍ਰਮੁੱਖ ਟੇਡ੍ਰੋਸ ਐਡਹਾਨੋਮ ਘੇਬ੍ਰੇਯਾਸਮ ਨੇ ਜਿਨੇਵਾ ਵਿਚ ਪੱਤਰਕਾਰ ਸੰਮੇਲਨ ਵਿਚ ਆਖਿਆ ਕਿ ਹਰ ਕਿਸੇ ਦੀ ਤਰ੍ਹਾਂ ਡਬਲਯੂ. ਐਚ. ਓ. ਵੀ ਪਾਬੰਦੀਆਂ ਖਤਮ ਹੁੰਦੇ ਦੇਖਣਾ ਚਾਹੁੰਦਾ ਹੈ ਪਰ ਜਲਦਬਾਜ਼ੀ ਵਿਚ ਪਾਬੰਦੀਆਂ ਖਤਮ ਕਰਨ ਨਾਲ ਘਾਤਕ ਨਤੀਜੇ ਹੋ ਸਕਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਜੇਕਰ ਅਸੀਂ ਸਹੀ ਤਰੀਕੇ ਨਾਲ ਇਸ ਨਾਲ ਨਹੀਂ ਨਜਿੱਠਾਂਗੇ ਤਾਂ ਇਸ ਦੇ ਖਤਰਨਾਕ ਸਿੱਟੇ ਹੋ ਸਕਦੇ ਹਨ।
ਦੱਸ ਦਈਏ ਕਿ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਤੋਂ ਪ੍ਰਭਾਵਿਤ ਪਾਈ ਜਾ ਰਹੀ ਹੈ। ਕੋਰੋਨਾਵਾਇਰਸ ਦੇ ਪ੍ਰਭਾਵ ਨੂੰ ਹੋਰ ਘੱਟ ਕਰਨ ਲਈ ਯੂਰਪ ਦੇ ਕਈ ਦੇਸ਼ ਇਟਲੀ, ਸਪੇਨ ਅਤੇ ਪੁਰਤਗਾਲ ਵਿਚ ਲਾਕਡਾਊਨ ਦੀ ਮਿਆਦ ਵਧਾ ਦਿੱਤੀ ਹੈ। ਉਥੇ ਹੀ ਭਾਰਤ ਵਰਗੇ ਦੇਸ਼ ਵਿਚ ਲਾਕਡਾਊਨ ਜਾਰੀ ਹੈ। ਦੂਜੇ ਪਾਸੇ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਵਾਇਰਸ ਨੇ ਹੁਣ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਪਰ ਵੁਹਾਨ ਸਮੇਤ 70 ਇਲਾਕਿਆਂ ਨੂੰ ਮਹਾਮਾਰੀ ਮੁਕਤ ਐਲਾਨ ਕਰ ਦਿੱਤਾ ਗਿਆ ਪਰ ਉਥੇ ਸੋਸ਼ਲ ਡਿਸਟੈਂਸਿੰਗ ਦਾ ਖਾਸਾ ਧਿਆਨ ਰੱਖਿਆ ਜਾ ਰਿਹਾ ਹੈ।