ਆਸਟ੍ਰੇਲੀਆ ਦੇ ਨਿਸ਼ਾਨੇ 'ਤੇ ਪੁਤਿਨ ਦੀ ਗਰਲਫ੍ਰੈਂਡ, ਲੱਗੀ ਰੋਕ

Sunday, Jul 03, 2022 - 11:00 AM (IST)

ਆਸਟ੍ਰੇਲੀਆ ਦੇ ਨਿਸ਼ਾਨੇ 'ਤੇ ਪੁਤਿਨ ਦੀ ਗਰਲਫ੍ਰੈਂਡ, ਲੱਗੀ ਰੋਕ

ਮਾਸਕੋ (ਬਿਊਰੋ): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਜਾਰੀ ਹੈ। ਰੂਸ 'ਤੇ ਹਾਲੇ ਵੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਕਥਿਤ ਪ੍ਰੇਮਿਕਾ ਅਲੀਨਾ ਕਾਬਾਏਵਾ ਖ਼ਿਲਾਫ਼ ਨਵੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਓਲੰਪਿਕ ਸੋਨ ਤਮਗਾ ਜੇਤੂ ਜਿਮਨਾਸਟ ਅਲੀਨਾ ਕਾਬਾਏਵਾ (39) ਰੂਸੀ ਰਾਸ਼ਟਰਪਤੀ ਪੁਤਿਨ ਦੀ ਪ੍ਰੇਮਿਕਾ ਹੈ ਅਤੇ ਕਥਿਤ ਤੌਰ 'ਤੇ ਦੋਵਾਂ ਤੋਂ ਦੋ ਬੱਚੇ ਹਨ। ਹੁਣ ਆਸਟ੍ਰੇਲੀਆ ਨੇ ਕਾਬਾਏਵਾ 'ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਕੀਵ ਇੰਡੀਪੈਂਡੈਂਟ ਦੀ ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਨੇ 16 ਰੂਸੀਆਂ 'ਤੇ ਪਾਬੰਦੀਆਂ ਲਗਾਈਆਂ ਹਨ। ਪਾਬੰਦੀਆਂ ਵਿੱਚ ਅਲੀਨਾ ਕਾਬੇਵਾ ਦੇ ਨਾਲ-ਨਾਲ ਪੁਤਿਨ ਦੇ ਪਰਿਵਾਰ ਦੇ ਮੈਂਬਰ ਅਤੇ ਤਿੰਨ ਰੂਸੀ ਮੰਤਰੀ ਸ਼ਾਮਲ ਹਨ। ਅਪ੍ਰੈਲ 'ਚ ਜਦੋਂ ਅਮਰੀਕਾ ਨੇ ਰੂਸ 'ਤੇ ਪਾਬੰਦੀਆਂ ਲਗਾਈਆਂ ਸਨ ਤਾਂ ਇਸ ਗੱਲ 'ਤੇ ਚਰਚਾ ਹੋਈ ਸੀ ਕਿ ਪੁਤਿਨ ਦੀ ਪ੍ਰੇਮਿਕਾ 'ਤੇ ਪਾਬੰਦੀ ਲਗਾਈ ਜਾਵੇ ਜਾਂ ਨਹੀਂ। ਮੀਡੀਆ ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਦੇ ਗ੍ਰਹਿ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਰੂਸ ਦੇ ਖੇਤੀਬਾੜੀ ਮੰਤਰੀ ਦਮਿਤਰੀ ਪੇਟਰੂਸ਼ੇਵ, ਟਰਾਂਸਪੋਰਟ ਮੰਤਰੀ ਵਿਟਾਲੀ ਸੇਵੇਲੀਵ ਦੇ ਨਾਲ-ਨਾਲ ਹਾਊਸਿੰਗ ਅਤੇ ਯੂਟਿਲਿਟੀਜ਼ ਮੰਤਰੀ ਇਰੇਕ ਫੈਜ਼ੁਲਿਨ 'ਤੇ ਸੁਤੰਤਰ ਪਾਬੰਦੀਆਂ ਲਗਾਈਆਂ ਗਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 16 ਜੂਨ ਨੂੰ ਰੂਸ ਨੇ ਆਸਟ੍ਰੇਲੀਆ ਦੇ 121 ਲੋਕਾਂ ਨੂੰ ਪਾਬੰਦੀਸ਼ੁਦਾ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਅਪਾਰਟਮੈਂਟ ਦੀ 29ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਤਿੰਨ ਸਾਲਾ ਬੱਚੇ ਦੀ ਮੌਤ

ਯੂਕੇ ਨੇ ਵੀ ਲਗਾਈਆਂ ਪਾਬੰਦੀਆਂ
ਇਸ ਤੋਂ ਪਹਿਲਾਂ ਮਈ ਵਿੱਚ ਯੂਕੇ ਸਰਕਾਰ ਨੇ ਕਾਬੇਵਾ ਅਤੇ ਪੁਤਿਨ ਦੀ ਸਾਬਕਾ ਪਤਨੀ ਲਿਊਡਮਿਲਾ ਓਚੇਰੇਤਨਾਯਾ 'ਤੇ ਪਾਬੰਦੀਆਂ ਲਗਾਈਆਂ ਸਨ।ਯੂਕੇ ਦੀ ਪਾਬੰਦੀ ਦੇ ਦੌਰਾਨ ਵਿਦੇਸ਼ ਸਕੱਤਰ ਲਿਜ਼ ਟਰਸ ਨੇ ਕਿਹਾ ਸੀ ਕਿ ਅਸੀਂ ਪੁਤਿਨ ਦੀ ਆਲੀਸ਼ਾਨ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਵਾਲੇ ਨੈਟਵਰਕਾਂ ਦਾ ਪਰਦਾਫਾਸ਼ ਅਤੇ ਨਿਸ਼ਾਨਾ ਬਣਾ ਰਹੇ ਹਾਂ। ਅਸੀਂ ਯੂਕ੍ਰੇਨ ਦੀ ਜਿੱਤ ਤੱਕ ਪੁਤਿਨ ਦੇ ਹਮਲੇ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਵਿਅਕਤੀ 'ਤੇ ਪਾਬੰਦੀ ਜਾਰੀ ਰੱਖਾਂਗੇ। ਪਿਛਲੇ ਮਹੀਨੇ ਦੇ ਸ਼ੁਰੂ ਵਿੱਚ ਯੂਰਪੀਅਨ ਯੂਨੀਅਨ ਨੇ ਕਾਬਾਏਵਾ ਨੂੰ 1,158 ਲੋਕਾਂ ਅਤੇ 98 ਰੂਸੀ ਕੰਪਨੀਆਂ ਵਿਰੁੱਧ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News