ਪੁਤਿਨ ਨੇ ਕੀਤੀ ਆਸੀਆਨ ਦੇਸ਼ਾਂ ਦੇ ਆਗੂਆਂ ਦੀ ਮੇਜ਼ਬਾਨੀ
Thursday, Jun 18, 2026 - 03:11 AM (IST)
ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰ ਸੰਘ (ਆਸੀਆਨ) ਦੇ ਆਗੂਆਂ ਦੀ ਬੈਠਕ ਦੀ ਮੇਜ਼ਬਾਨੀ ਕੀਤੀ, ਜਿਸ ਦਾ ਮਕਸਦ ਇਸ ਖੇਤਰੀ ਸਮੂਹ ਦੇ ਮੈਂਬਰਾਂ ਨਾਲ ਵਪਾਰ ਅਤੇ ਹੋਰ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਕ੍ਰੈਮਲਿਨ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਯੂਰੀ ਉਸ਼ਾਕੋਵ ਅਨੁਸਾਰ ਕਜ਼ਾਨ ਵਿਚ ਹੋ ਰਹੀ 2 ਰੋਜ਼ਾ ਬੈਠਕ ਵਿਚ ਆਸੀਆਨ ਦੇਸ਼ਾਂ ਨਾਲ ਰੂਸ ਦੀ ‘ਰਣਨੀਤਕ ਭਾਈਵਾਲੀ’ ਨੂੰ ਵਧਾਉਣ ਦੇ ਤੌਰ-ਤਰੀਕਿਆਂ ’ਤੇ ਵਿਚਾਰ ਕੀਤਾ ਜਾਵੇਗਾ। ਆਸੀਆਨ ਵਿਚ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫਿਲੀਪੀਨਜ਼, ਸਿੰਗਾਪੁਰ, ਥਾਈਲੈਂਡ, ਪੂਰਬੀ ਤਿਮੋਰ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਹਨ।
ਉਸ਼ਾਕੋਵ ਨੇ ਕਿਹਾ ਕਿ ਇਸ ਖੇਤਰੀ ਸਮੂਹ ਨੇ ਮਾਸਕੋ ਨਾਲ ‘ਗੱਲਬਾਤ ਭਾਈਵਾਲ’ ਵਜੋਂ ਸਬੰਧ ਬਣਾਈ ਰੱਖੇ ਹਨ ਅਤੇ ਰੂਸੀ ਅਧਿਕਾਰੀਆਂ ਨੂੰ ਸਾਲਾਨਾ ਉੱਚ-ਪੱਧਰੀ ਬੈਠਕਾਂ ਵਿਚ ਸ਼ਾਮਲ ਕੀਤਾ ਹੈ। ਵੋਲਗਾ ਨਦੀ ਦੇ ਕੰਢੇ ’ਤੇ ਕਜ਼ਾਨ ਵਿਚ ਹੋ ਰਿਹਾ ਇਹ ਸਿਖਰ ਸੰਮੇਲਨ ਰੂਸ-ਆਸੀਆਨ ਸਬੰਧਾਂ ਦੀ 35ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ।
