ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ ਵਿਚਾਲੇ 90 ਮਿੰਟ ਚੱਲੀ ਗੱਲ

Wednesday, Apr 29, 2026 - 11:30 PM (IST)

ਹੋਰਮੁਜ਼ ਦੀ ਖਿੱਚੋਤਾਣ ਵਿਚਾਲੇ ਪੁਤਿਨ ਤੇ ਟਰੰਪ ਵਿਚਾਲੇ 90 ਮਿੰਟ ਚੱਲੀ ਗੱਲ

ਮਾਸਕੋ/ਵਾਸ਼ਿੰਗਟਨ : ਮਿਡਲ ਈਸਟ ਵਿਚ ਹੋਰਮੁਜ਼ ਬਾਰੇ ਅਜੇ ਤੱਕ ਅਮਰੀਕਾ ਤੇ ਈਰਾਨ ਕਿਸੇ ਵੀ ਸਹਿਮਤੀ ਤੱਕ ਪਹੁੰਚ ਨਹੀਂ ਸਕੇ ਹਨ। ਇਸੇ ਤਣਾਅ ਵਿਚਾਲੇ ਵੱਡਾ ਘਟਨਾਕ੍ਰਮ ਸਾਹਮਣੇ ਆਇਆ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਬੁੱਧਵਾਰ ਨੂੰ ਇੱਕ ਮਹੱਤਵਪੂਰਨ ਟੈਲੀਫੋਨ ਕਾਲ ਹੋਈ ਜੋ 1.5 ਘੰਟੇ (90 ਮਿੰਟ) ਤੋਂ ਵੱਧ ਸਮੇਂ ਤੱਕ ਚੱਲੀ। ਕ੍ਰੇਮਲਿਨ ਦੇ ਸਹਿਯੋਗੀ ਯੂਰੀ ਉਸ਼ਾਕੋਵ ਅਨੁਸਾਰ ਇਹ ਗੱਲਬਾਤ ਬਹੁਤ ਹੀ ਦੋਸਤਾਨਾ ਅਤੇ ਪੇਸ਼ੇਵਰ ਮਾਹੌਲ ਵਿੱਚ ਹੋਈ। 

ਕਾਤਲਾਨਾ ਹਮਲੇ ਦੀ ਨਿੰਦਾ
ਗੱਲਬਾਤ ਦੌਰਾਨ ਰਾਸ਼ਟਰਪਤੀ ਪੁਤਿਨ ਨੇ ਡੋਨਾਲਡ ਟਰੰਪ 'ਤੇ ਹੋਏ ਕਾਤਲਾਨਾ ਹਮਲੇ ਦੀ ਸਖ਼ਤ ਨਿੰਦਾ ਕੀਤੀ। ਇਸ ਦੇ ਨਾਲ ਹੀ ਯੂਕਰੇਨ ਦੇ ਮੁੱਦੇ 'ਤੇ ਟਰੰਪ ਦਾ ਮੰਨਣਾ ਹੈ ਕਿ ਇਸ ਸੰਘਰਸ਼ ਨੂੰ ਸੁਲਝਾਉਣ ਲਈ ਸਮਝੌਤਾ ਬਹੁਤ ਨੇੜੇ ਹੈ। ਪੁਤਿਨ ਨੇ ਮਈ ਵਿੱਚ 'ਵਿਕਟਰੀ ਡੇਅ' (Victory Day) ਜਸ਼ਨਾਂ ਦੌਰਾਨ ਯੂਕਰੇਨ ਵਿੱਚ ਜੰਗਬੰਦੀ ਦਾ ਪ੍ਰਸਤਾਵ ਦਿੱਤਾ, ਜਿਸ 'ਤੇ ਟਰੰਪ ਨੇ ਸਕਾਰਾਤਮਕ ਹੁੰਗਾਰਾ ਭਰਿਆ। ਹਾਲਾਂਕਿ, ਪੁਤਿਨ ਨੇ ਇਹ ਵੀ ਦੋਸ਼ ਲਾਇਆ ਕਿ ਯੂਕਰੇਨ "ਅੱਤਵਾਦੀ ਤਰੀਕਿਆਂ" ਦੀ ਵਰਤੋਂ ਕਰ ਰਿਹਾ ਹੈ।

ਈਰਾਨ ਅਤੇ ਪ੍ਰਮਾਣੂ ਪ੍ਰੋਗਰਾਮ
ਦੋਵਾਂ ਨੇਤਾਵਾਂ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਵਿਚਾਰ-ਵਟਾਂਦਰਾ ਕੀਤਾ। ਪੁਤਿਨ ਨੇ ਈਰਾਨ ਜੰਗਬੰਦੀ ਨੂੰ ਵਧਾਉਣ ਦੇ ਟਰੰਪ ਦੇ ਫੈਸਲੇ ਦਾ ਸਮਰਥਨ ਕੀਤਾ। ਯੂਰੀ ਉਸ਼ਾਕੋਵ ਅਨੁਸਾਰ, ਨੇਤਾਵਾਂ ਨੇ ਭਵਿੱਖ ਦੇ ਸੰਭਾਵੀ ਆਰਥਿਕ ਤੇ ਊਰਜਾ ਪ੍ਰੋਜੈਕਟਾਂ ਬਾਰੇ ਵੀ ਗੱਲਬਾਤ ਕੀਤੀ। ਇਸ ਗੱਲਬਾਤ ਨੂੰ ਵਿਸ਼ਵ ਸੁਰੱਖਿਆ ਅਤੇ ਦੁਵੱਲੇ ਸਬੰਧਾਂ ਵਿੱਚ ਤਣਾਅ ਘਟਾਉਣ ਵੱਲ ਇੱਕ ਵੱਡੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।


author

Baljit Singh

Content Editor

Related News