ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵਲੋਂ "ਆਸਟ੍ਰੇਲੀਅਨ ਟੈਕਸੀਨਾਮਾ" ਕਿਤਾਬ ਲੋਕ ਅਰਪਣ

3/7/2021 12:05:13 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਵਿੱਚ ਪੰਜਾਬ, ਪੰਜਾਬੀਅਤ ਤੇ ਸਾਹਿਤ ਦੇ ਪਸਾਰ ਲਈ ਨਿਰੰਤਰ ਕਾਰਜਸ਼ੀਲ ਸੰਸਥਾ "ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ" ਵੱਲੋਂ ਸਾਹਿਤਕ ਸਮਾਗਮ 'ਚ ਲੇਖਕ ਹਰਮੀਤ ਸਿੰਘ ਤੇ ਗੌਰਵ ਖੁਰਾਨਾ ਦੁਆਰਾ ਲਿਖਿਤ "ਆਸਟ੍ਰੇਲੀਅਨ ਟੈਕਸੀਨਾਮਾ" ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਦੋ ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ।ਉਪਰੰਤ "ਆਸਟ੍ਰੇਲੀਅਨ ਟੈਕਸੀਨਾਮਾ" ਕਿਤਾਬ ਵਿੱਚ ਗੌਰਵ ਖੁਰਾਨਾ ਤੇ ਹਰਮੀਤ ਸਿੰਘ ਵੱਲੋਂ ਟੈਕਸੀ ਡਰਾਈਵਰ ਦੇ ਰੋਜ਼ਾਨਾਂ ਜ਼ਿੰਦਗੀ ਵਿੱਚ ਹੋਣ ਵਾਲੀਆਂ ਘਟਨਾਵਾਂ ਤੇ ਦੁਰਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। 

PunjabKesari

ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਤਾਬ ਬਾਰੇ ਬੋਲਦਿਆਂ ਕਿਹਾ ਕਿ ਸਾਡੇ ਕੋਲ ਪੰਜਾਬੀ ਵਿਚ ਵਾਰਤਕ ਲਿਖਣ ਦੀ ਅਜੋਕੇ ਸਮੇਂ ਵਿੱਚ ਬਹੁਤ ਘਾਟ ਹੈ ਤੇ ਇਸ ਕਿਤਾਬ ਦੀ ਮਹੱਤਤਾ ਇਸ ਕਰਕੇ ਵੀ ਹੈ ਕਿ ਇਹ ਵਾਰਤਕ ਆਸਟ੍ਰੇਲੀਆ ਦੇ ਇੱਕ ਅਣਗੌਲੇ ਵਰਗ "ਟੈਕਸੀ ਡਰਾਈਵਰ" ਦੇ ਰੋਜ਼ ਮਰਾ ਜੀਵਨ ਬਾਰੇ ਵਾਰਤਕ ਰੂਪ ਵਿੱਚ ਹੈ। ਹਰਮਨਦੀਪ ਗਿੱਲ ਨੇ ਕਿਹਾ ਕਿ ਕਿਤਾਬ ਦੀ ਸਾਹਿਤਕ ਪੱਖ ਤੋਂ ਤੇ ਇਸ ਵਿੱਚ ਇਥੋਂ ਦੇ ਸਮਾਜ ਵਿੱਚ ਵਿਚਰਦਿਆਂ ਵੱਖ-ਵੱਖ ਵਰਗਾਂ ਦੇ ਲੋਕਾਂ ਦਾ ਟੈਕਸੀ ਡਰਾਈਵਰਾਂ ਬਾਰੇ ਨਜ਼ਰੀਏ ਬਾਰੇ ਚਰਚਾ ਕੀਤੀ ਗਈ ਹੈ। ਉਸ ਨੇ ਇਹ ਵੀ ਚਿੰਤਾਂ ਜਿਤਾਈ ਕਿ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਸਾਹਿਤ ਵਿੱਚ ਹੋਰ ਭਾਸ਼ਾਵਾਂ ਦੇ ਸ਼ਬਦਾਂ ਦਾ ਰਲੇਵਾਂ ਆਮ ਹੁੰਦਾ ਜਾ ਰਿਹਾ ਹੈ। ਸਾਡੇ ਉਚਾਰਣ ਰਾਹੀਂ ਆਮ ਵਰਤੋਂ ਵਿੱਚ ਆ ਰਹੇ ਸ਼ਬਦ ਸਾਡੇ ਲਿਖਤੀ ਪੰਜਾਬੀ ਸਾਹਿਤ ਵਿੱਚ ਬਣੇ ਤਣੇ ਪ੍ਰਵੇਸ਼ ਕਰ ਰਹੇ ਹਨ ਜਿਸ ਨਾਲ ਸਾਹਿਤ ਦੇ ਮਿਆਰ ਉਪਰ ਕਾਫੀ ਅਸਰ ਪੈਂਦਾ ਹੈ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਸੈਨੇਟ ਨੇ 1900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

ਪ੍ਰਸਿੱਧ ਗੀਤਕਾਰ ਸੁਰਜੀਤ ਸੰਧੂ ਵਲੋਂ ਕਲੀ ਗਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਤੋਂ ਇਲਾਵਾ ਰਸ਼ਪਾਲ ਹੇਅਰ ਨੇ ਬ੍ਰਿਸਬੇਨ ਸ਼ਹਿਰ ਵਿੱਚ ਸਿੱਖ ਖੇਡਾਂ ਅਤੇ ਪੰਜਾਬੀ ਪੇਸ਼ਕਾਰੀ ਮੰਚ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਹਰਜੀਤ ਸੰਧੂ ਦੁਆਰਾ ਆਪਣੀ ਮਨਮੋਹਕ ਰਚਨਾ ਦੀ ਪੇਸ਼ਕਾਰੀ ਤੋਂ ਇਲਾਵਾ ਅਜੇ ਪਾਲ ਇੰਡੋਜ਼ ਟੀਵੀ, ਗਾਇਕ ਹੈਪੀ ਚਾਹਲ, ਮਸ਼ਹੂਰ ਮੰਚ ਸੰਚਾਲਕ ਨੀਰਜ਼ ਪੋਪਲੀ ਆਦਿ ਨੇ "ਆਸਟ੍ਰੇਲੀਅਨ ਟੈਕਸੀਨਾਮਾ" ਕਿਤਾਬ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇੰਡੋਜ਼ ਟੀਵੀ ਐਂਕਰ ਹਰਜਿੰਦ ਕੌਰ ਵੱਲੋਂ ਕਿਸਾਨੀ ਸੰਘਰਸ਼ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਲਗਾਤਾਰ ਕਿਸਾਨਾਂ ਦੇ ਸੰਘਰਸ਼ ਨਾਲ ਖੜ੍ਹਨ ਦੀ ਲੋੜ ਹੈ। ਕਵੀ ਦਰਬਾਰ ਵਿੱਚ ਹਾਜ਼ਰ ਸਰੋਤਿਆਂ ਨੇ ਪੂਰੇ ਪ੍ਰੋਗਰਾਮ ਨੂੰ ਜੀਅ ਭਰ ਕੇ ਮਾਣਿਆ। ਸਟੇਜ ਦਾ ਸੰਚਾਲਨ ਸਭਾ ਦੇ ਪ੍ਰਧਾਨ ਜਸਵੰਤ ਵਾਗਲਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੀਤਾ ਗਿਆ।


Vandana

Content Editor Vandana