ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਦਾ ਸਾਲਾਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ

Sunday, Jul 29, 2018 - 05:18 PM (IST)

ਬ੍ਰਿਸਬੇਨ,(ਸੁਰਿੰਦਰਪਾਲ ਸਿੰਘ ਖੁਰਦ)— ਪੰਜਾਬੀ ਵੈੱਲਫੇਅਰ ਐਸੋਸੀਏਸ਼ਨ ਆਫ ਆਸਟ੍ਰੇਲੀਆ ਵੱਲੋਂ ਆਯੋਜਿਤ ਵੱਖ-ਵੱਖ ਭਾਈਚਾਰਿਆਂ ਦੇ ਸਾਂਝੇ ਉੱਦਮਾਂ ਸਦਕਾ ਲੋਕ ਭਲਾਈ ਕਾਰਜਾਂ ਲਈ ਫੰਡ ਇਕੱਠਾ ਕਰਨ ਹਿੱਤ 'ਕ੍ਰਿਸਮਿਸ ਇਨ ਜੁਲਾਈ' ਤਹਿਤ ਵਿਸ਼ਾਲ ਸਾਲਾਨਾ ਸਮਾਰੋਹ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਸੰਸਥਾ ਦੀ ਪ੍ਰਧਾਨ ਪਿੰਕੀ ਸਿੰਘ, ਉੱਪ-ਪ੍ਰਧਾਨ ਡਾ. ਮਾਨੁਜ ਛਾਬੜਾ, ਹਰਪ੍ਰੀਤ ਕੌਰ, ਰਛਪਾਲ ਚੀਮਾ ਅਤੇ ਦੀਪਇੰਦਰ ਸਿੰਘ ਨੇ ਸਾਂਝੇ ਬਿਆਨ 'ਚ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਨੂੰ ਦੱਸਿਆ ਕਿ ਘਰੇਲੂ ਹਿੰਸਾ ਨੂੰ ਰੋਕਣਾ, ਵਿਦਿਆਰਥੀਆਂ ਦੀ ਭਲਾਈ, ਲੋੜਵੰਦਾਂ ਦੀ ਮਦਦ ਕਰਨਾ ਅਤੇ ਵਿਦੇਸ਼ 'ਚ ਭਾਈਚਾਰਕ ਸਾਂਝ ਵਧਾਉਣਾ ਸੰਸਥਾ ਦਾ ਮੂਲ ਉਦੇਸ਼ ਹੈ। ਸਮਾਰੋਹ ਵਿਚ ਸੈਨੇਟਰ ਜੇਮਸ ਮੈੱਕਗਰਾਥ ਪ੍ਰਧਾਨ ਮੰਤਰੀ ਦੇ ਸਹਾਇਕ ਮੰਤਰੀ, ਜੌਨ ਪੌਲ ਲੈਂਗਬਰੋਕ ਸੰਸਦ ਮੈਂਬਰ, ਸਟੀਵਨ ਮਿਨੀਕਿੰਨ ਸੰਸਦ ਮੈਂਬਰ, ਪੀਟਰ ਰੂਸੋ ਸੰਸਦ ਮੈਂਬਰ, ਬ੍ਰਿਸਬੇਨ ਸਿਟੀ ਕੌਂਸਲ ਦੀ ਚੇਅਰਮੈਨ ਐਂਜਲਾ ਓਵਨ, ਟੋਨੀ ਰਿੱਜ ਪੁਲਸ ਅਧਿਕਾਰੀ ਆਦਿ ਨੇ ਸਮੁੱਚੀ ਪੰਜਾਬੀ ਕੌਮ ਨੂੰ ਮਿਹਨਤੀ ਦੱਸਿਆ। ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਵੀ ਸੰਸਥਾ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
ਸੰਸਥਾ ਵੱਲੋਂ ਜਸਵੀਰ ਸਿੰਘ ਨੂੰ ਉਨ੍ਹਾਂ ਵੱਲੋਂ ਲੋਕਾਂ ਲਈ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਬਦਲੇ 'ਲਾਈਫ ਟਾਈਮ ਅਚੀਵਮੈਂਟ ਅਵਾਰਡ' ਨਾਲ ਸਨਮਾਨਤ ਕੀਤਾ ਗਿਆ। ਸੰਸਥਾ ਦੇ ਉੱਪ-ਪ੍ਰਧਾਨ ਡਾ. ਮਾਨੁਜ ਛਾਬੜਾ ਨੂੰ ਵੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਲਈ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ। ਪ੍ਰਧਾਨ ਪਿੰਕੀ ਸਿੰਘ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਥਾ ਦੀਆਂ ਪ੍ਰਾਪਤੀਆਂ, ਲੇਖਾ-ਜੋਖਾ ਅਤੇ ਭਵਿੱਖੀ ਕਾਰਜਾਂ 'ਤੇ ਚਾਨਣਾ ਪਾਉਂਦਿਆਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। 
ਸਟੇਜ ਦਾ ਸੰਚਾਲਨ ਜਸਕਿਰਨ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੀਆਂ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਦੇ ਮੱਦੇਨਜ਼ਰ ਗੁਰਦੀਪ ਸਿੰਘ ਨਿੱਝਰ ਦੀ ਅਗਵਾਈ 'ਚ 'ਸ਼ੇਰ-ਏ-ਪੰਜਾਬ' ਭੰਗੜਾ ਗਰੁੱਪ ਨੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਦਿੱਤੀ। ਐਮਰਜੈਂਸੀ ਸੇਵਾਵਾਂ ਦੀ ਜਾਣਕਾਰੀ ਹਿੱਤ ਸਬੰਧਿਤ ਵਿਭਾਗ ਦੇ ਕਰਮਚਾਰੀਆਂ ਨੇ ਤਕਰੀਬਨ 100 ਦੇ ਕਰੀਬ ਮੈਮਰੀ ਸਟਿੱਕਾਂ ਹਾਜ਼ਰੀਨ 'ਚ ਵੰਡੀਆਂ। ਸਮਾਰੋਹ ਦਾ ਟੀ.ਵੀ. ਫਿਲਮਾਂਕਣ ਵਿਜੇ ਗਰੇਵਾਲ ਦੀ ਅਗਵਾਈ 'ਚ ਗੱਭਰੂ ਟੀ.ਵੀ. ਆਸਟ੍ਰੇਲੀਆ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਇਸ ਸਮਾਰੋਹ ਵਿਚ ਅਮਨਪ੍ਰੀਤ ਕੌਰ, ਬਾਲੀਵੁਡ ਤੋਂ ਸੰਦੀਪ ਨਾਥ, ਅਜੀਤਪਾਲ ਸਿੰਘ, ਹਰਜੀਤ ਭੁੱਲਰ, ਵਕੀਲ ਪ੍ਰਵੀਨ ਗੁਪਤਾ, ਪ੍ਰਣਾਮ ਸਿੰਘ ਹੇਅਰ, ਮਾਸਟਰ ਪਰਮਿੰਦਰ ਸਿੰਘ, ਹਰਪ੍ਰੀਤ ਸਿੰਘ ਕੋਹਲੀ ਪ੍ਰਧਾਨ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਸੌਰਭ ਅਗਰਵਾਲ, ਅਮਨ ਭੰਗੂ, ਵਿਜੇ ਗਰੇਵਾਲ ਗੱਭਰੂ ਟੀ.ਵੀ., ਨਵਜੋਤ ਜਗਤਪੁਰ, ਸੋਢੀ ਸਿੰਘ, ਮਨਜੀਤ ਭੁੱਲਰ, ਰੌਕੀ ਭੁੱਲਰ, ਜਗਦੀਪ ਸਿੰਘ, ਰਾਜ ਸਿੰਘ ਭਿੰਡਰ, ਕਮਰਬੱਲ, ਸੰਨੀ ਅਰੋੜਾ, ਹੈਪੀ ਧਾਮੀ, ਹਰਜੀਤ ਲਸਾੜਾ, ਵਰਿੰਦਰ ਅਲੀਸ਼ੇਰ ਆਦਿ ਨੇ ਸ਼ਮੂਲੀਅਤ ਕੀਤੀ। 


Related News