ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰ ਨੇ ਪੁਲਸ ਨੂੰ ਪਾਈਆਂ ਭਾਜੜਾਂ, ਇੰਝ ਚੜਿਆ ਅੜਿੱਕੇ
Saturday, Apr 09, 2022 - 12:59 PM (IST)

ਨਿਊਯਾਰਕ/ਉਨਟਾਰੀਓ (ਰਾਜ ਗੋਗਨਾ/ਕੁਲਤਰਨ ਪਧਿਆਣਾ) — ਕੈਨੇਡਾ ਦੇ ਕਿਉਬਿਕ ਅਤੇ ਓਨਟਾਰੀਓ ਦੀ ਪੁਲਸ ਨੇ ਖ਼ਤਰਨਾਕ ਡਰਾਈਵਿੰਗ ਕਰਨ ਦੇ ਦੋਸ਼ ਵਿਚ ਇਕ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਹੋਣ ਵਾਲੇ ਟਰੱਕ ਡਰਾਈਵਰ ਦੀ ਪਛਾਣ ਕਿਚਨਰ ਓਨਟਾਰੀਓ ਵਾਸੀ ਲਵਪ੍ਰੀਤ ਸਿੰਘ (ਉਮਰ 27 ਸਾਲ) ਵਜੋਂ ਹੋਈ ਹੈ। ਲਵਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਨੂੰ ਕਾਫ਼ੀ ਜਦੋ-ਜਹਿਦ ਕਰਨੀ ਪਈ। ਲਵਪ੍ਰੀਤ ਨੂੰ ਕੋਰਨਵਾਲ, ਓਨਟਾਰੀਓ ਦੇ ਕੋਰਟਹਾਊਸ ਵਿੱਚ ਵੀਰਵਾਰ ਦੁਪਹਿਰ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਕੁਰਸੀ ਜਾਂਦੀ ਵੇਖ ਇਮਰਾਨ ਖਾਨ ਨੂੰ ਚੇਤੇ ਆਇਆ ਭਾਰਤ, ਤਾਰੀਫ਼ ਕਰਦਿਆਂ ਆਖੀ ਇਹ ਗੱਲ
ਦਰਅਸਲ ਲੰਘੇ ਬੁੱਧਵਾਰ ਦੁਪਹਿਰ 12:15 ਵਜੇ ਦੇ ਕਰੀਬ ਹਾਈਵੇਅ 20 'ਤੇ, ਕਿਊਬਿਕ ਦੇ ਨੇੜੇ, ਬੀਓਮੋਂਟ ਵਿੱਚ ਇਕ ਟਰੱਕ ਡਰਾਈਵਰ ਵੱਲੋਂ ਗੈਰ-ਜਿੰਮੇਵਾਰ ਵਿਵਹਾਰ ਕਰਨ ਦੀ ਅਧਿਕਾਰੀਆਂ ਨੂੰ 911 'ਤੇ ਸੂਚਨਾ ਮਿਲੀ ਸੀ। ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਟਰੱਕ ਨੂੰ ਰੋਕਣ ਦੇ ਯਤਨ ਸ਼ੁਰੂ ਕੀਤੇ ਪਰ ਟਰੱਕ ਡਰਾਈਵਰ ਲਵਪ੍ਰੀਤ ਸਿੰਘ ਨੇ ਟਰੱਕ ਰੋਕਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਸੋਨਾ ਇਕ ਦਿਨ ’ਚ 1236 ਰੁਪਏ ਵੱਧ ਕੇ 1 ਲੱਖ 34 ਹਜ਼ਾਰ ’ਤੇ ਪਹੁੰਚਿਆ
ਇਸ ਦੌਰਾਨ ਲਵਪ੍ਰੀਤ ਸਿੰਘ ਨੇ ਪੁਲਸ ਦੀ ਗੱਡੀ ਨੂੰ ਟੱਕਰ ਵੀ ਮਾਰੀ ਅਤੇ ਲੱਗਭਗ 850 ਕਿਲੋਮੀਟਰ ਤੱਕ ਟਰੱਕ ਨੂੰ ਭਜਾਈ ਰੱਖਿਆ। ਉਹ ਪਹਿਲਾ ਮਾਂਟਰੀਅਲ ਵੱਲ ਭੱਜਿਆ, ਫਿਰ ਸੇਂਟ-ਹਾਇਸਿਂਥੇ, ਜਿੱਥੇ ਉਸ ਨੇ ਕਈ ਵਾਹਨਾਂ ਨੂੰ ਓਵਰਟੇਕ ਕੀਤਾ। ਇਸੇ ਤਰ੍ਹਾਂ ਹਾਈਵੇਅ 30 ਵੇਸਟ, ਸਲਾਬੇਰੀ-ਡੀ-ਵੈਲੀਫੀਲਡ ਸੈਕਟਰ, ਹਾਈਵੇਅ 530, ਹਾਈਵੇਅ 201, ਹਾਈਵੇਅ 20 ਵੇਸਟ ਅੰਤ 'ਚ ਹਾਈਵੇਅ 401 ਤੋਂ ਟਰਾਂਟੋ ਵੱਲ ਨੂੰ ਤੁਰ ਪਿਆ। ਇਸ ਦੌਰਾਨ ਓਨਟਾਰੀਓ ਪ੍ਰੋਵਿਨਸ਼ਨਿਲ ਪੁਲਸ ਨੇ ਉਸ ਨੂੰ ਰੋਕਣ ਲਈ ਬਹੁਤ ਢੰਗ-ਤਰੀਕੇ ਵਰਤੇ। ਕਦੇ ਸੜਕ 'ਤੇ ਕਿੱਲ ਲਾਏ, ਕਦੇ ਸਕੇਲ ਓਪਨ ਕੀਤੀ, ਕਦੇ ਬੈਰੀਕੇਡ ਲਾਏ ਪਰ ਇਹ ਡਰਾਈਵਰ ਕਿਸੇ ਵੀ ਢੰਗ ਨਾਲ ਕਾਬੂ ਨਹੀਂ ਆਇਆ। ਅੰਤ 'ਚ ਪੁਲਸ ਨੇ ਇਸ ਟਰੱਕ ਡਰਾਈਵਰ ਨੂੰ 9 ਘੰਟਿਆਂ ਦੀ ਜਦੋ-ਜਹਿਦ ਦੇ ਬਾਅਦ ਬਰੈਂਪਟਨ ਦੇ ਇਕ ਗੈਸ ਸਟੇਸ਼ਨ ਤੋਂ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 21 ਸਾਲਾ ਭਾਰਤੀ ਵਿਦਿਆਰਥੀ ਦਾ ਗੋਲੀਆਂ ਮਾਰ ਕੇ ਕਤਲ
ਲਵਪ੍ਰੀਤ ਉਪਰ ਫਰਾਰ ਹੋਣ ਅਤੇ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਦੇ ਦੋਸ਼ ਵੀ ਲੱਗੇ ਹਨ। ਇਸ ਤੋਂ ਪਹਿਲਾਂ ਉਸ ਉਪਰ ਕ੍ਰਾਇਮ ਜਾਂ ਚੋਰੀ ਰਾਹੀਂ ਵੀ ਪ੍ਰਾਪਰਟੀ ਬਣਾਉਣ ਦੇ ਦੋਸ਼ ਲੱਗੇ ਹੋਏ ਸਨ। ਦੱਸ ਦੇਈਏ ਕਿ ਕਿਚਨਰ ਵਾਸੀ ਲਵਪ੍ਰੀਤ ਸਿੰਘ ਨੂੰ ਤੀਜੀ ਵਾਰ ਖ਼ਤਰਨਾਕ ਡਰਾਈਵਿੰਗ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਰਨਵਾਲ ਦੀ ਪੇਸ਼ੀ ਤੋਂ ਬਾਅਦ ਹੁਣ ਲਵਪ੍ਰੀਤ ਸਿੰਘ ਨੂੰ ਇਹੋ ਜਿਹੇ ਹੀ ਚਾਰਜਾਂ ਹੇਠ ਕਿਉਬਿਕ ਦੀਆਂ ਅਦਾਲਤਾਂ 'ਚ ਵੀ ਪੇਸ਼ ਕੀਤਾ ਜਾਵੇਗਾ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।