59 ਸਾਲਾ ਪੰਜਾਬੀ ਨੂੰ ਡਿਪੋਰਟ ਕਰੇਗਾ ਕੈਨੇਡਾ, ਇਹ ਗਲਤੀ ਪਈ ਭਾਰੀ
Friday, Jul 24, 2020 - 02:00 PM (IST)
ਵਿਨੀਪੈਗ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਰਹਿੰਦੇ 59 ਸਾਲਾ ਪੰਜਾਬੀ ਨੂੰ ਜਹਾਜ਼ ਵਿਚ ਬਦਤਮੀਜ਼ੀ ਕਰਨ ਅਤੇ ਮਾਸਕ ਨਾ ਪਾਉਣ ਕਾਰਨ ਡਿਪੋਰਟ ਕੀਤਾ ਜਾਵੇਗਾ। ਪਿਛਲੇ ਮਹੀਨੇ ਬਲਵੀਰ ਸਿੰਘ ਵੈਸਟ ਜੈੱਟ ਫਲਾਈਟ ਰਾਹੀਂ ਸਫਰ ਕਰ ਰਿਹਾ ਸੀ ਕਿ ਬਲਬੀਰ ਨੇ ਜਹਾਜ਼ ਵਿਚ ਸਿਗਰਟ ਪੀਣ ਦੀ ਜ਼ਿੱਦ ਕੀਤੀ। ਸਟਾਫ ਨੇ ਦੱਸਿਆ ਕਿ ਉਸ ਦੇ ਹੱਥ ਵਿਚ ਸਿਗਰਟ ਸੀ ਤੇ ਕਿਸੇ ਨੇ ਉਨ੍ਹਾਂ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਜਹਾਜ਼ ਸਟਾਫ ਨੇ ਉਸ ਨੂੰ ਸਮਝਾਇਆ ਕਿ ਜਹਾਜ਼ ਵਿਚ ਸਿਗਰਟ ਪੀਣ ਦੀ ਇਜਾਜ਼ਤ ਨਹੀਂ ਹੁੰਦੀ ਪਰ ਬਲਵੀਰ ਨੇ ਕਿਸੇ ਦੀ ਇਕ ਨਾ ਸੁਣੀ।
ਸਟਾਫ ਉਨ੍ਹਾਂ ਨੂੰ ਵਾਰ-ਵਾਰ ਬੇਨਤੀ ਕਰਦਾ ਰਿਹਾ ਕਿ ਉਹ ਮਾਸਕ ਲਗਾ ਕੇ ਰੱਖਣ ਨਹੀਂ ਤਾਂ ਕੋਰੋਨਾ ਦੇ ਸ਼ਿਕਾਰ ਹੋ ਸਕਦੇ ਹਨ ਪਰ ਬਲਵੀਰ ਉਨ੍ਹਾਂ ਦੀ ਗੱਲ ਨੂੰ ਅਣਸੁਣਿਆ ਕਰਦਾ ਰਿਹਾ। ਵੈਨਕੁਵਰ ਤੋਂ ਟੋਰਾਂਟੋ ਜਾ ਰਹੇ ਜਹਾਜ਼ ਨੂੰ ਵਿਨੀਪੈਗ ਰੋਕ ਕੇ ਬਲਵੀਰ ਨੂੰ ਜਹਾਜ਼ ਵਿਚੋਂ ਕੱਢ ਕੇ ਪੁਲਸ ਹਿਰਾਸਤ ਵਿਚ ਭੇਜਿਆ ਗਿਆ। ਬੀਤੇ ਦਿਨ ਜੱਜ ਨੇ ਬਲਵੀਰ ਸਿੰਘ ਨੂੰ ਭਾਰਤ ਡਿਪੋਰਟ ਹੋਣ ਦੀ ਸਜ਼ਾ ਸੁਣਾਈ ਹੈ।। ਫਿਲਹਾਲ ਕੋਰੋਨਾ ਵਾਇਰਸ ਕਾਰਨ ਕੌਮਾਂਤਰੀ ਫਲਾਈਟਾਂ ਨਾ ਮਿਲਣ ਕਾਰਨ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹੇਗਾ।
ਬਲਵੀਰ ਨੇ ਜੱਜ ਅੱਗੇ ਆਪਣੀ ਗਲਤੀ 'ਤੇ ਮੁਆਫੀ ਵੀ ਮੰਗੀ ਪਰ ਜੱਜ ਨੇ ਕਿਹਾ ਕਿ ਉਸ ਕਾਰਨ ਬਹੁਤ ਸਾਰੇ ਲੋਕ ਖੱਜਲ-ਖੁਆਰ ਹੋਏ ਹਨ, ਇਸ ਲਈ ਉਸ ਨੂੰ ਡਿਪੋਰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਾਰਨ 5000 ਡਾਲਰ ਦਾ ਖਰਚਾ ਝੱਲਣਾ ਪਿਆ। 12 ਸਾਲਾ ਤੋਂ ਕੈਨੇਡਾ ਰਹਿ ਰਹੇ ਬਲਵੀਰ ਸਿੰਘ ਨੂੰ ਇਕ ਦਿਨ ਦੀ ਗਲਤੀ ਭਾਰੀ ਪਈ। ਉਹ 40 ਦਿਨਾਂ ਤੋਂ ਜੇਲ੍ਹ ਵਿਚ ਸੀ ਇਸ ਲਈ ਹੋਰ 5 ਦਿਨ ਜੇਲ੍ਹ ਵਿਚ ਰਹਿਣ ਦੀ ਸਜ਼ਾ ਮਿਲੀ ਹੈ।