ਕੈਲੀਫੋਰਨੀਆ ''ਚ ਰਹਿਣ ਵਾਲੇ ਪੰਜਾਬੀ ਨੇ ਡਰੱਗ ਤਸਕਰੀ ਦੇ ਦੋਸ਼ ਕੀਤੇ ਕਬੂਲ
Thursday, Sep 11, 2025 - 09:11 AM (IST)

ਡੇਵਿਸ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ) : ਡੇਵਿਸ ਸ਼ਹਿਰ ਦੇ ਵਾਸੀ ਪਰਮਪ੍ਰੀਤ ਸਿੰਘ (59) ਨੇ ਕੋਕੀਨ, ਹੈਰੋਇਨ, ਅਫੀਮ ਅਤੇ ਕੈਟਾਮਾਈਨ ਦੀ ਤਸਕਰੀ ਨਾਲ ਸਬੰਧਤ ਦੋਸ਼ ਕਬੂਲ ਲਏ ਹਨ। ਯੂ. ਐੱਸ. ਅਟਾਰਨੀ ਐਰਿਕ ਗ੍ਰਾਂਟ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪਰਮਪ੍ਰੀਤ ਸਿੰਘ ਆਪਣੇ ਸਾਥੀਆਂ ਰੋਜ਼ਵਿਲ ਦੇ ਅਮਨਦੀਪ ਮੁਲਤਾਨੀ (37) ਅਤੇ ਸੈਕਰਾਮੈਂਟੋ ਦੇ ਰਣਵੀਰ ਸਿੰਘ (42) ਦੇ ਨਾਲ ਮਿਲ ਕੇ ਇਹ ਗੈਰ-ਕਾਨੂੰਨੀ ਕਾਰੋਬਾਰ ਕਰ ਰਿਹਾ ਸੀ। ਅਕਤੂਬਰ 2020 ਤੋਂ ਅਪ੍ਰੈਲ 2021 ਤੱਕ ਦੇ ਸਮੇਂ ਦੌਰਾਨ ਇਨ੍ਹਾਂ ਨੇ ਅਮਰੀਕਨ ਗੁਪਤ ਏਜੰਟਾਂ ਨਾਲ ਕੈਨੇਡਾ ਅਤੇ ਕੈਲੀਫੋਰਨੀਆ ਵਿੱਚ ਡਰੱਗ ਸੌਦੇ ਕੀਤੇ। ਇਸ ਦੌਰਾਨ ਤਕਰੀਬਨ 10 ਕਿਲੋ ਕੋਕੀਨ, 1.5 ਕਿਲੋ ਅਫੀਮ, 2 ਕਿਲੋ ਕੈਟਾਮਾਈਨ ਅਤੇ ਹੈਰੋਇਨ ਦੇ ਕਈ ਨਮੂਨੇ ਵੇਚਣ ਦੇ ਸੌਦੇ ਦਰਜ ਕੀਤੇ ਗਏ। ਦੋਸ਼ ਕਬੂਲਣ ਤੋਂ ਬਾਅਦ ਪਰਮਪ੍ਰੀਤ ਸਿੰਘ ਨੇ ਅਮਰੀਕੀ ਸਰਕਾਰ ਵੱਲੋਂ ਆਪਣੇ 2 ਮਿਲੀਅਨ ਡਾਲਰ ਜ਼ਬਤ ਕਰਨ ‘ਤੇ ਵੀ ਸਹਿਮਤੀ ਜ਼ਾਹਰ ਕੀਤੀ ਹੈ।
ਇਹ ਵੀ ਪੜ੍ਹੋ : ਨੇਪਾਲ ਸੰਕਟ 'ਚ Air India ਬਣੀ ਸਹਾਰਾ, ਫਸੇ ਭਾਰਤੀ ਯਾਤਰੀਆਂ ਲਈ ਚਲਾਈਆਂ ਸਪੈਸ਼ਲ ਫਲਾਈਟਾਂ
ਇਹ ਕੇਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.) ਦੀ ਜਾਂਚ ਦਾ ਨਤੀਜਾ ਹੈ, ਜਿਸ ਵਿੱਚ ਹੋਮਲੈਂਡ ਸਿਕਿਊਰਟੀ ਇਨਵੈਸਟੀਗੇਸ਼ਨਜ਼, ਐਫ.ਬੀ.ਆਈ., ਕੈਨੇਡਾ ਦੀ ਯਾਰਕ ਰਿਜਨਲ ਪੁਲਸ, ਰੋਇਲ ਕੈਨੇਡੀਅਨ ਮਾਊਂਟਿਡ ਪੁਲਸ ਅਤੇ ਪਲੇਸਰ ਕਾਊਂਟੀ ਸਪੈਸ਼ਲ ਇਨਵੈਸਟੀਗੇਸ਼ਨਜ਼ ਯੂਨਿਟ ਨੇ ਸਹਿਯੋਗ ਦਿੱਤਾ। ਇਸ ਮਾਮਲੇ ਨਾਲ ਜੁੜੀਆਂ ਕਈ ਗ੍ਰਿਫ਼ਤਾਰੀਆਂ ਕੈਨੇਡਾ ਵਿੱਚ ਵੀ ਹੋ ਚੁੱਕੀਆਂ ਹਨ। ਅਮਨਦੀਪ ਮੁਲਤਾਨੀ ਨੇ ਦਸੰਬਰ 2022 ਵਿੱਚ ਦੋਸ਼ ਕਬੂਲ ਕਰ ਲਿਆ ਸੀ ਅਤੇ ਉਸ ਨੂੰ 18 ਨਵੰਬਰ 2025 ਨੂੰ ਸਜ਼ਾ ਸੁਣਾਈ ਜਾਵੇਗੀ। ਰਣਵੀਰ ਸਿੰਘ ਦਾ ਜਿਊਰੀ ਟ੍ਰਾਇਲ 6 ਅਕਤੂਬਰ 2025 ਤੋਂ ਸ਼ੁਰੂ ਹੋਵੇਗਾ। ਓਦੋਂ ਤੱਕ ਉਸ ਦੇ ਖਿਲਾਫ਼ ਦੋਸ਼ ਸਿਰਫ਼ ਇਲਜ਼ਾਮ ਹੀ ਮੰਨੇ ਜਾਣਗੇ ਅਤੇ ਕਾਨੂੰਨ ਅਨੁਸਾਰ ਉਹ ਬੇਦੋਸ਼ ਮੰਨਿਆ ਜਾਵੇਗਾ। ਪਰਮਪ੍ਰੀਤ ਸਿੰਘ ਨੂੰ 27 ਜਨਵਰੀ 2026 ਨੂੰ ਸੀਨੀਅਰ ਯੂ. ਐੱਸ. ਡਿਸਟ੍ਰਿਕਟ ਜੱਜ ਜਾਨ ਏ. ਮੇਂਡੇਜ਼ ਵੱਲੋਂ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਵੱਧ ਤੋਂ ਵੱਧ ਉਮਰ ਕੈਦ ਅਤੇ 10 ਮਿਲੀਅਨ ਡਾਲਰ ਜੁਰਮਾਨਾ ਹੋ ਸਕਦਾ ਹੈ। ਘੱਟੋ-ਘੱਟ ਸਜ਼ਾ ਦਾ ਕੋਈ ਜ਼ਿਕਰ ਨਹੀਂ, ਜਿਸ ਦਾ ਫੈਸਲਾ ਉਸ ਦਿਨ ਜੱਜ ਵੱਲੋਂ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8