ਆਸਟ੍ਰੇਲੀਆ ਗਏ ਪੁੱਤ ਮੁੜ ਨਾ ਪਰਤੇ, ਸੁੰਨੇ ਵਿਹੜਿਆਂ ਨੂੰ ਦੇਖ ਰੋਂਦੀਆਂ ਮਾਂਵਾਂ

12/27/2017 11:16:51 AM

ਕੁਈਨਜ਼ਲੈਂਡ/ਬ੍ਰਿਸਬੇਨ— ਵਿਦੇਸ਼ਾਂ 'ਚ ਕਮਾਈਆਂ ਕਰਨ ਗਏ ਪੰਜਾਬੀ ਨੌਜਵਾਨਾਂ ਦੇ ਘਰਾਂ 'ਚ ਉਡੀਕ ਕਰਦੀਆਂ ਮਾਂਵਾਂ ਬਸ ਉਡੀਕਦੀਆਂ ਹੀ ਰਹਿ ਗਈਆਂ। ਕੋਈ ਆਪਣੀ ਭੈਣ ਨੂੰ ਵਿਆਹੁਣ ਦੀ ਰੀਝ ਲੈ ਕੇ ਅਤੇ ਕੋਈ ਜ਼ਿੰਦਗੀ 'ਚ ਸਫਲ ਹੋਣ ਲਈ ਚਾਂਈਂ-ਚਾਂਈਂ ਆਸਟ੍ਰੇਲੀਆ ਗਿਆ ਸੀ। ਅਸੀਂ ਗੱਲ ਕਰ ਰਹੇ ਸਾਲ 2017 ਦੀ ਜੋ ਕਿ ਕਿਸੇ ਲਈ ਯਾਦਗਾਰ ਬਣ ਕੇ ਰਹਿ ਗਿਆ ਤੇ ਕਿਸੇ ਲਈ ਕਦੇ ਨਾ ਭੁੱਲਣ ਵਾਲਾ ਸਾਲ। ਆਸਟ੍ਰੇਲੀਆ 'ਚ ਸੁਪਨਿਆਂ ਨੂੰ ਖੰਭ ਲਾਉਣ ਗਏ ਕਈ ਪੰਜਾਬੀ 2017 'ਚ ਮੌਤ ਦੇ ਮੂੰਹ 'ਚ ਚਲੇ ਗਏ। ਕਿਸੇ ਮਾਂ ਦਾ ਪੁੱਤ ਅਤੇ ਕਿਸੇ ਭੈਣ ਦੇ ਵੀਰ ਨੂੰ ਬੇਵਕਤੀ ਮੌਤ ਆਈ। ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕਮਾਉਣ ਗਏ ਜ਼ਿਆਦਾਤਰ ਪੰਜਾਬੀ ਸੜਕ ਹਾਦਸਿਆਂ ਵਿਚ ਮਾਰੇ ਗਏ। ਆਓ ਝਾਤ ਮਾਰਦੇ ਹਾਂ ਸਾਲ 2017 ਦੀਆਂ ਉਨ੍ਹਾਂ ਦਰਦਨਾਕ ਘਟਨਾਵਾਂ 'ਤੇ, ਜਿਨ੍ਹਾਂ ਨੇ ਵਿਦੇਸ਼ ਦੀ ਧਰਤੀ 'ਤੇ ਮਾਂਵਾਂ ਦੇ ਪੁੱਤ ਖੋਹ ਲਏ।

— 2017 ਦੇ ਮਾਰਚ ਮਹੀਨੇ 'ਚ ਆਸਟ੍ਰੇਲੀਆ ਦੇ ਸਿਡਨੀ 'ਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਹਾਦਸੇ ਵਿਚ 40 ਸਾਲਾ ਭਾਰਤੀ ਵਿਅਕਤੀ ਦੀ ਮੌਤ ਹੋ ਗਈ। ਭਾਰਤੀ ਦਾ ਨਾਂ ਅਮਰਿੰਦਰ ਸਿੰਘ ਸੀ। ਅਮਰਿੰਦਰ 26 ਸਾਲ ਪਹਿਲਾਂ ਆਸਟ੍ਰੇਲੀਆ ਆਇਆ ਸੀ, ਜੋ ਕਿ ਮੋਹਾਲੀ ਦਾ ਰਹਿਣ ਵਾਲਾ ਸੀ।

— ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਜਗਵੀਰ ਸਿੰਘ ਦੀ ਜੂਨ ਮਹੀਨੇ 'ਚ ਮੈਲਬੌਰਨ 'ਚ ਅਚਾਨਕ ਮੌਤ ਹੋ ਗਈ ਸੀ। ਉਹ 2014 'ਚ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ ਅਤੇ ਉੱਥੇ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਜਗਵੀਰ ਦੀ ਉਮਰ ਮਹਜ ਅਜੇ 23 ਸਾਲ ਸੀ। 

— ਜੁਲਾਈ ਮਹੀਨੇ ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ 25 ਸਾਲਾ ਸੀਰਨਪ੍ਰੀਤ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਸੜਕ ਹਾਦਸੇ 'ਚ ਮੌਤ ਹੋ ਗਈ। ਸੀਰਨਪ੍ਰੀਤ ਸਿੰਘ 2013 'ਚ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਆਇਆ ਸੀ। 

— ਸਤੰਬਰ ਮਹੀਨੇ 'ਚ ਆਸਟ੍ਰੇਲੀਆ ਦੇ ਸਿਡਨੀ 'ਚ ਸਟੂਡੈਂਟ ਵੀਜ਼ੇ 'ਤੇ ਗਏ ਮਲਕੀਤ ਸਿੰਘ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ। ਮਲਕੀਤ ਸਿੰਘ ਜਿਸ ਕਾਰ 'ਚ ਸਵਾਰ ਸੀ, ਉਸ ਦੀ ਰਫਤਾਰ ਬਹੁਤ ਤੇਜ਼ ਸੀ ਅਤੇ ਕਾਰ ਦੀ ਬਿਜਲੀ ਦੇ ਖੰਭੇ ਨਾਲ ਟੱਕਰ ਹੋ ਗਈ ਸੀ। ਮਲਕੀਤ ਦੀ ਹਾਦਸੇ ਵਾਲੇ ਥਾਂ 'ਤੇ ਮੌਤ ਹੋ ਗਈ। ਮਲਕੀਤ ਜੰਮੂ ਦਾ ਰਹਿਣ ਵਾਲਾ ਸੀ। ਮਲਕੀਤ ਨੂੰ ਆਸਟ੍ਰੇਲੀਆ ਆਇਆ ਅਜੇ ਦੋ ਮਹੀਨੇ ਹੀ ਹੋਏ ਸਨ।

— ਸਤੰਬਰ ਮਹੀਨੇ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸੜਕ ਹਾਦਸੇ 'ਚ 65 ਸਾਲਾ ਪੰਜਾਬੀ ਗੁਰਬੀਰ ਸਿੰਘ ਦੀ ਮੌਤ ਹੋ ਗਈ, ਜੋ ਕਿ ਆਪਣੇ ਪੁੱਤਰ ਨੂੰ ਮਿਲਣ ਲਈ ਆਸਟ੍ਰੇਲੀਆ ਗਏ ਸਨ। ਗੁਰਬੀਰ ਸਿੰਘ ਦੀ ਕਾਰ ਦੀ ਟੱਕਰ ਦੋ ਟਰੱਕਾਂ ਨਾਲ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਗੁਰਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਬੀਰ ਪੰਜਾਬ ਦੇ ਚੰਡੀਗੜ੍ਹ ਤੋਂ ਸਨ।

— ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ 'ਚ ਨਵੰਬਰ ਮਹੀਨੇ ਪੰਜਾਬੀ ਨੌਜਵਾਨ ਜਤਿੰਦਰ ਸਿੰਘ ਦੀ ਮੌਤ ਹੋ ਗਈ। ਜਤਿੰਦਰ ਫਰੀਦਕੋਟ ਦਾ ਰਹਿਣ ਵਾਲਾ ਸੀ। ਉਹ 2014 'ਚ ਪੰਜਾਬ ਤੋਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ 'ਤੇ ਆਪਣੀ ਪਤਨੀ ਨਾਲ ਆਇਆ ਸੀ। ਜਤਿੰਦਰ ਕੁਈਨਜ਼ਲੈਂਡ 'ਚ ਕੇਲਿਆਂ ਦੇ ਫਾਰਮ 'ਚ ਟੈਰਕਟਰ ਹਾਦਸੇ ਦੌਰਾਨ ਮਾਰਿਆ ਗਿਆ। ਜਤਿੰਦਰ ਆਪਣੀ ਭੈਣ ਦੇ ਵਿਆਹ 'ਚ ਸ਼ਾਮਲ ਹੋਣ ਲਈ ਪੰਜਾਬ ਆਉਣ ਦੀਆਂ ਤਿਆਰੀਆਂ ਕਰ ਰਿਹਾ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

— ਨਵੰਬਰ ਮਹੀਨੇ 'ਚ ਹੀ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਸੜਕ ਹਾਦਸੇ 'ਚ ਪੰਜਾਬੀ ਦੀ ਮੌਤ ਹੋ ਗਈ। ਪੰਜਾਬੀ ਦਾ ਨਾਂ ਮਨਜੀਤ ਢਡਵਾਲ ਹੈ, ਜੋ ਕਿ 30 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਆਏ ਸਨ। 

— ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਦਸੰਬਰ ਮਹੀਨੇ ਸੰਗਰੂਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨਾਂ ਦੇ ਪੰਜਾਬੀ ਦੀ ਮੌਤ ਹੋ ਗਈ। ਪਰਮਿੰਦਰ ਇੱਥੇ ਟਰੱਕ ਡਰਾਈਵਰ ਸੀ। ਉਸ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। 

— ਸਾਲ 2017 ਖਤਮ ਹੁੰਦੇ-ਹੁੰਦੇ ਵੀ ਡੂੰਘੇ ਜ਼ਖਮ ਦੇ ਗਿਆ। ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਲੁਧਿਆਣੇ ਦੇ ਮੁੰਡੇ ਰਵਨੀਤ ਸਿੰਘ ਗਿੱਲ ਦੀ ਕ੍ਰਿਸਮਸ ਵਾਲੇ ਦਿਨ ਮੌਤ ਹੋ ਗਈ। ਰਵਨੀਤ ਆਪਣੇ ਦੋਸਤਾਂ ਨਾਲ ਕ੍ਰਿਸਮਸ ਵਾਲੇ ਦਿਨ ਬੀਚ 'ਤੇ ਗਿਆ ਸੀ ਅਤੇ ਉੱਥੇ ਅਚਾਨਕ ਡੁੱਬਣ ਨਾਲ ਉਸ ਦੀ ਮੌਤ ਹੋ ਗਈ। 

ਆਪਣੇ ਬੱਚਿਆਂ ਨੂੰ ਗੁਆ ਦੇਣ ਦਾ ਦਰਦ ਕੀ ਹੁੰਦਾ ਹੈ, ਇਹ ਤਾਂ ਉਹ ਮਾਪੇ ਹੀ ਜਾਣਦੇ ਹਨ। ਉਹ ਮਾਂਵਾਂ ਅੱਜ ਵੀ ਆਪਣੇ ਪੁੱਤਾਂ ਨੂੰ ਯਾਦ ਕਰ ਕੇ ਰੋਂਦੀਆਂ ਹਨ ਤੇ ਖੌਰੇ ਕਿੰਨੇ ਕੁ ਚਾਅ ਆਪਣੇ ਪੁੱਤਾਂ ਨੂੰ ਵਿਆਹੁਣ ਲਈ ਬੁਣੇ ਹੋਣੇ ਹਨ। ਮਾਪਿਆਂ ਨੂੰ ਜਵਾਨ ਪੁੱਤਾਂ ਦੀਆਂ ਅਰਥੀਆਂ ਨੂੰ ਮੋਢਾ ਦੇਣਾ ਪਿਆ। ਸਾਡੀ ਅਰਦਾਸ ਹੈ ਕਿ ਉਨ੍ਹਾਂ ਮਾਪਿਆਂ ਨੂੰ ਪਰਮਾਤਮਾ ਦੁੱਖ ਸਹਿਣ ਦੀ ਸ਼ਕਤੀ ਦੇਵੇ।


Related News