ਮਾਣ ਵਾਲੀ ਗੱਲ, ਆਸਟ੍ਰੇਲੀਆ ਡੇਅ 'ਤੇ ਅਮਰ ਸਿੰਘ ਸਿਟੀਜਨ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ
Friday, Jan 28, 2022 - 06:25 PM (IST)
ਸਿਡਨੀ (ਸਨੀ ਚਾਂਦਪੁਰੀ):- ਪੰਜਾਬੀ ਧਰਤੀ ਦੇ ਜਿਸ ਵੀ ਕੋਨੇ ਵਿਚ ਗਏ ਹਨ, ਉਹਨਾਂ ਆਪਣੀ ਮਿਹਨਤ ਸਦਕਾ ਉੱਥੇ ਨਾਮ ਬਣਾਇਆ ਹੈ ਅਤੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ। ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕਰਨ ਵਾਲੇ ਅਮਰ ਸਿੰਘ ਨੂੰ ਆਸਟ੍ਰੇਲੀਆ ਡੇਅ 'ਤੇ ਸਿਟੀਜਨ ਆਫ ਦਿ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਮਰ ਸਿੰਘ ਟਰਬਨ ਫਾਰ ਆਸਟ੍ਰੇਲੀਆ ਦੇ ਪ੍ਰਧਾਨ ਹਨ, ਜੋ ਕਿ ਆਸਟ੍ਰੇਲੀਆ ਵਿਚ ਸਮਾਜ ਸੇਵਾ ਦੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਹਨ। ਆਸਟ੍ਰੇਲੀਆ ਦੇ ਲਗਭਗ 26 ਮਿਲੀਅਨ ਲੋਕਾਂ ਵਿਚੋਂ 300 ਲੋਕ ਇਸ ਅਵਾਰਡ ਲਈ ਚੁਣੇ ਗਏ ਹਨ, ਜਿਨ੍ਹਾਂ ਵਿਚ ਸਿਡਨੀ ਤੋਂ ਇਕ ਪੰਜਾਬੀ ਨੂੰ ਇਹ ਮਾਣ ਮਿਲਿਆ ਹੈ।
ਇਹ ਵੀ ਪੜ੍ਹੋ: UK 'ਚ ਹੁਣ ਗੱਡੀ ਦੀਆਂ ਲਾਈਟਾਂ 'ਮਟਕਾਉਣਾ' ਪਵੇਗਾ ਮਹਿੰਗਾ, ਹੋ ਸਕਦੈ 5 ਲੱਖ ਰੁਪਏ ਜੁਰਮਾਨਾ
ਇਹ ਅਵਾਰਡ ਉਹਨਾਂ ਦੇ ਸਮਾਜ ਸੇਵਾ ਕੰਮਾਂ ਨੂੰ ਦੇਖਦੇ ਹੋਏ ਦਿੱਤਾ ਗਿਆ ਹੈ। ਅਮਰ ਸਿੰਘ ਵੱਲੋਂ ਚਲਾਈ ਜਾਂਦੀ ਸੰਸਥਾ ਟਰਬਨ ਫਾਰ ਆਸਟ੍ਰੇਲੀਆ ਵੱਲੋਂ ਕੋਰੋਨਾ ਕਾਲ ਵਿਚ ਮੁਫ਼ਤ ਫੂਡ ਵੰਡਿਆ ਜਾ ਰਿਹਾ ਹੈ । ਉਹਨਾਂ ਵੱਲੋਂ ਕੀਤੀ ਗਈ ਕੋਰੋਨਾ ਕਾਲ ਵਿਚ ਸੇਵਾ ਦਾ ਕੰਮ ਹੋਵੇ ਭਾਵੇਂ ਬੁਸ਼ ਫ਼ਾਇਰ ਵਿਚ ਲੋੜਵੰਦ ਲੋਕਾਂ ਨੂੰ ਰਸਦ ਪਹੁੰਚਾਉਣ ਦੀ ਗੱਲ ਹੋਵੇ, ਉਹਨਾਂ ਦੀ ਸੰਸਥਾ ਨੇ ਨਿਸ਼ਕਾਮ ਹੋ ਕੇ ਆਸਟ੍ਰੇਲੀਆ ਵਿਚ ਕੰਮ ਕੀਤਾ ਹੈ। ਅਮਰ ਸਿੰਘ ਨੂੰ ਸਿਟੀਜਨ ਆਫ ਦਿ ਈਅਰ ਅਵਾਰਡ ਮਿਲਣ 'ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ। ਉਹਨਾਂ ਨੂੰ ਵਧਾਈ ਦੇਣ ਵਾਲਿਆਂ ਵਿਚ ਗੁਰਦੀਪ ਸਿੰਘ ਤੁੱਲੀ, ਸਤਬੀਰ ਸਿੰਘ, ਤਰਨਦੀਪ ਸਿੰਘ, ਅੰਮ੍ਰਿਤ ਸਿੰਘ ਤੋਂ ਇਲਾਵਾ ਉਹਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਅਮਰ ਸਿੰਘ ਨੇ ਫ਼ੋਨ ਰਾਹੀਂ ਪੱਤਰਕਾਰ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਸਿਟੀਜਨ ਆਫ ਦਿ ਈਅਰ ਅਵਾਰਡ ਲਈ ਧੰਨਵਾਦੀ ਹਾਂ। ਇਹ ਅਵਾਰਡ ਪੰਜਾਬੀਆਂ ਦੀ ਸੇਵਾ ਭਾਵਨਾ ਨੂੰ ਸਮਰਪਿਤ ਹੈ। ਉਹਨਾਂ ਵਧਾਈ ਦੇਣ ਵਾਲੇ ਸਾਰੇ ਹੀ ਸ਼ੁੱਭਚਿੰਤਕਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ: PUBG ਦੇ ਸ਼ੌਕੀਨ ਨੌਜਵਾਨ ਨੇ ਉਜਾੜਿਆ ਹੱਸਦਾ-ਵੱਸਦਾ ਘਰ, ਮਾਂ ਸਮੇਤ 3 ਭੈਣ-ਭਰਾਵਾਂ ਦਾ ਕੀਤਾ ਕਤਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।