ਆਸਟ੍ਰੇਲੀਆ ''ਚ ਮੁੜ ਸਜੇਗਾ ''ਪੰਜਾਬੀ ਵਿਰਸਾ'': 12 ਸਤੰਬਰ ਨੂੰ ਮੈਲਬੌਰਨ ''ਚ ਧਮਾਲ ਪਾਉਣਗੇ ਵਾਰਿਸ ਭਰਾ
Thursday, Aug 27, 2026 - 01:17 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ )- ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਖੁਸ਼ੀ ਦੀ ਖ਼ਬਰ ਹੈ ਕਿ ਸਾਫ਼-ਸੁਥਰੀ ਅਤੇ ਪਰਿਵਾਰਕ ਗਾਇਕੀ ਨਾਲ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾ ਚੁੱਕੇ 'ਵਾਰਿਸ ਭਰਾ' ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਇੱਕ ਵਾਰ ਫਿਰ ਆਪਣੇ ਹਰਮਨ ਪਿਆਰੇ ਸ਼ੋਅ 'ਪੰਜਾਬੀ ਵਿਰਸਾ 2026' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੇ ਹਨ। ਲੋਕ ਗਾਇਕ ਮਨਮੋਹਨ ਵਾਰਿਸ ਦੀ ਤਿੰਨ ਦਹਾਕਿਆਂ ਤੋਂ ਵੀ ਵੱਧ ਗਾਇਕੀ ਦੇ ਸ਼ਾਨਦਾਰ ਸਫ਼ਰ ਨੂੰ ਸਮਰਪਿਤ ਇਸ ਲੜੀ ਬਾਰੇ ਰਾਇਲ ਪ੍ਰੋਡਕਸ਼ਨਜ਼ ਤੋਂ ਸਰਵਣ ਸੰਧੂ, ਗੁਰਸਾਹਿਬ ਸੰਧੂ ਅਤੇ ਸਹਿਯੋਗੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਇਸ ਸੰਗੀਤਕ ਦੌਰੇ ਦੀ ਸ਼ੁਰੂਆਤ ਸਿਡਨੀ ਤੋਂ ਹੋਵੇਗੀ, ਜੋ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੁੰਦੀ ਹੋਈ ਸ਼ਾਨਦਾਰ ਤਰੀਕੇ ਨਾਲ ਸੰਪੂਰਨ ਹੋਵੇਗੀ।

ਇਸ ਲੜੀ ਤਹਿਤ ਮੈਲਬੌਰਨ ਦਾ ਵਿਸ਼ੇਸ਼ ਸ਼ੋਅ 12 ਸਤੰਬਰ, 2026 ਦਿਨ ਸ਼ਨੀਵਾਰ ਨੂੰ 'ਮੈਲਬੌਰਨ ਕਨਵੈਨਸ਼ਨ ਐਗਜ਼ੀਬੀਸ਼ਨ ਸੈਂਟਰ' ਵਿਖੇ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਯਾਦਗਾਰੀ ਰਹਿਣ ਵਾਲੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਉਹਨਾਂ ਦੱਸਿਆਂ ਕਿ ਹਰ ਵਾਰ ਦੀ ਤਰ੍ਹਾਂ ਪੰਜਾਬੀ ਦਰਸ਼ਕਾਂ ਵੱਲੋਂ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਗਾਇਕ ਮਨਮੋਹਨ ਵਾਰਿਸ ਨੇ 'ਜਗਬਾਣੀ' ਨਾਲ ਫੋਨ 'ਤੇ ਵਿਸ਼ੇਸ਼ ਗੱਲਬਾਤ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਸੱਦਾ ਦਿੰਦਿਆਂ ਦੱਸਿਆ ਕਿ ਤਿੰਨੇ ਭਰਾ ਇਸ ਵਾਰ ਵੀ ਨਵੇਂ ਨਕੋਰ ਗੀਤਾਂ ਅਤੇ ਸ਼ੇਅਰੋ-ਸ਼ਾਇਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਉਹਨਾਂ ਸਾਲ 2011 ਵਿੱਚ ਇਸੇ ਕਨਵੈਨਸ਼ਨ ਸੈਂਟਰ ਵਿਖੇ ਹੋਏ 'ਪੰਜਾਬੀ ਵਿਰਸਾ' ਸ਼ੋਅ ਦੀਆਂ ਮਿੱਠੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਸ ਸਮੇਂ ਦੇ ਨੌਜਵਾਨ ਹੁਣ ਆਪੋ-ਆਪਣੇ ਪਰਿਵਾਰਾਂ ਵਾਲੇ ਹੋ ਗਏ ਹਨ, ਇਸ ਲਈ ਸਮੂਹ ਪੰਜਾਬੀ ਭਾਈਚਾਰਾ ਪਰਿਵਾਰਾਂ ਸਮੇਤ ਇੱਕ ਵਾਰ ਫਿਰ ਇਕੱਠੇ ਹੋ ਕੇ ਪੰਜਾਬ ਦੀਆਂ ਉਹਨਾਂ ਰੌਣਕਾਂ ਨੂੰ ਮੁੜ ਸੁਰਜੀਤ ਕਰਨ। ਆਸਟ੍ਰੇਲੀਆ ਦੇ ਸੰਗੀਤ ਪ੍ਰੇਮੀਆਂ ਵੱਲੋਂ ਵਾਰਿਸ ਭਰਾਵਾਂ ਦੇ ਇਸ ਗਾਇਕੀ ਦੇ ਸਫ਼ਰ ਦਾ ਹਿੱਸਾ ਬਣਨ ਲਈ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
