ਡਾ. ਸੁਰਜੀਤ ਸਿੰਘ ਭੱਟੀ ਦਾ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
Thursday, Jun 29, 2023 - 05:27 PM (IST)
ਮੈਲਬੌਰਨ (ਮਨਦੀਪ ਸਿੰਘ ਸੈਣੀ)- ਬੀਤੇ ਦਿਨੀਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਸਥਿਤ ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਵਿੱਚ ਇਕ ਸਾਹਿਤਕ ਮਿਲਣੀ ਅਤੇ ਸੰਵਾਦ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਸੁਰਜੀਤ ਸਿੰਘ ਭੱਟੀ
(ਪੰਜਾਬੀ ਸਾਹਿਤ ਖੋਜ ਵਿਦਵਾਨ, ਸ਼੍ਰੋਮਣੀ ਅਲੋਚਕ ਅਤੇ ਚਿੰਤਕ) ਵਿਸ਼ੇਸ਼ ਮਹਿਮਾਨ ਅਤੇ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਦੌਰਾਨ “ਪੰਜਾਬੀ ਭਾਸ਼ਾ ਦੀਆਂ ਚੁਣੌਤੀਆਂ” ਵਿਸ਼ੇ 'ਤੇ ਇਕ ਸੰਵਾਦ ਰਚਾਇਆ ਗਿਆ, ਜਿਸ ਵਿੱਚ ਸੰਬੋਧਨ ਕਰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਇਤਿਹਾਸਿਕ ਹਵਾਲਿਆਂ ਨਾਲ ਪੰਜਾਬੀ ਭਾਸ਼ਾ ਦੀ ਪੁਰਾਤਨਤਾ, ਸਮੇਂ-ਸਮੇਂ ‘ਤੇ ਇਸ ਦੇ ਰੂਪ ਵਿੱਚ ਆਏ ਬਦਲਾਵਾਂ ਅਤੇ ਪੰਜਾਬੀ ਬੋਲੀ ਦੀ ਤਾਕਤ ਬਾਰੇ ਗੱਲ ਕਰਦਿਆਂ, ਮੌਜੂਦਾ ਸਮੇਂ ਪੰਜਾਬੀ ਭਾਸ਼ਾ ਲਈ ਵੱਧ ਰਹੀਆਂ ਚੁਣੌਤੀਆਂ ਅਤੇ ਉਹਨਾਂ ਦੇ ਹੱਲ 'ਤੇ ਬਹੁਤ ਹੀ ਸਕਾਰਾਤਮਕ ਢੰਗ ਨਾਲ ਵਿਚਾਰ ਪੇਸ਼ ਕੀਤੇ।
ਡਾ. ਭੱਟੀ ਨੇ ਜਿੱਥੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ, ਉੱਥੇ ਹੀ ਪੰਜਾਬ ਵਿੱਚ ਪੰਜਾਬੀ ਦੇ ਹੋ ਰਹੇ ਤ੍ਰਿਸਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਉਣ ਲਈ ਵੀ ਪ੍ਰੇਰਿਆ। ਡਾ. ਭੱਟੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦ ਤੱਕ ਕਿਸੇ ਬੋਲੀ ਨੂੰ ਤੁਸੀਂ ਆਪਣੇ ਪਰਿਵਾਰ, ਵਪਾਰ, ਕਾਰੋਬਾਰ ਤੇ ਸਰਕਾਰ ਦੀ ਬੋਲੀ ਨਹੀਂ ਬਣਾ ਲੈਂਦੇ, ਤੱਦ ਤੱਕ ਉਸ ਭਾਸ਼ਾ ਦੇ ਖੁਰ ਜਾਣ ਜਾਂ ਖ਼ਤਮ ਹੋ ਜਾਣ ਦਾ ਖ਼ਤਰਾ ਬਰਕਰਾਰ ਰਹਿੰਦਾ ਹੈ। ਆਸਟ੍ਰੇਲੀਆ ਵਿੱਚ ਪੰਜਾਬੀ ਬੋਲੀ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਰੋਲ ਨਿਭਾ ਚੁੱਕੇ ਡਾ. ਹਰਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੁਲਾਮ ਕੌਮਾਂ ਦੀ ਆਪਣੀ ਕੋਈ ਬੋਲੀ ਨਹੀਂ ਹੁੰਦੀ ਤੇ ਆਪਣੀ ਆਜ਼ਾਦ ਹਸਤੀ ਲਈ ਆਪਣੀ ਮਾਂ ਬੋਲੀ ਲਈ ਕੰਮ ਕਰਦੇ ਰਹਿਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ PM ਸੁਨਕ ਨੇ ਦੂਜਾ ਵਿਸ਼ਵ ਯੁੱਧ ਲੜਨ ਵਾਲੇ 101 ਸਾਲਾ ਸਿੱਖ ਫ਼ੌਜੀ ਨੂੰ ਕੀਤਾ ਸਨਮਾਨਿਤ
ਸੰਵਾਦ ਵਿੱਚ ਵੱਖ-ਵੱਖ ਬੁਲਾਰਿਆਂ ਪਰਮਜੀਤ ਸਿੰਘ ਗਰੇਵਾਲ, ਵਿਕਰਮ ਸੇਖੋਂ. ਰਮਾਂ ਸੇਖੋਂ, ਡਾਃ ਹਰਪ੍ਰੀਤ ਸ਼ੇਰਗਿੱਲ, ਹਰਮੰਦਰ ਕੰਗ, ਜੱਗੀ ਜੌਹਲ ਤੇ ਹਰਸਿਮਰਨ ਕੌਰ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਮੰਚ ਸੰਚਾਲਨ ਅਮਰਦੀਪ ਕੌਰ ਤੇ ਸੁਖਜੀਤ ਸਿੰਘ ਔਲਖ ਵਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਦੇ ਵੱਲੋ ਡਾ. ਸੁਰਜੀਤ ਸਿੰਘ ਭੱਟੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਭੱਟੀ ਵੱਲੋਂ ਪੰਜਾਬੀ ਸੱਭਿਆਚਾਰਕ ਕੇਂਦਰ ਮੈਲਬੌਰਨ ਨੂੰ ਆਪਣੀਆਂ ਕਿਤਾਬਾਂ ਦਾ ਸੈਟ ਵੀ ਭੇਂਟ ਕੀਤਾ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਫੁਲਵਿੰਦਰਜੀਤ ਸਿੰਘ ਗਰੇਵਾਲ ਅਤੇ ਪ੍ਰਧਾਨ ਹਰਮਨਦੀਪ ਸਿੰਘ ਬੋਪਾਰਾਏ ਵਲੋ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।