ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਉੱਦਮ ਸਦਕਾ ''ਸਹਾਇਤਾ'' ਲਈ ਹੋਏ ਫੰਡ ਰੇਜ਼ ਨੂੰ ਫਰਿਜ਼ਨੋ 'ਚ ਮਿਲਿਆ ਵੱਡਾ ਹੁੰਗਾਰਾ

Tuesday, Dec 05, 2023 - 01:23 PM (IST)

ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਉੱਦਮ ਸਦਕਾ ''ਸਹਾਇਤਾ'' ਲਈ ਹੋਏ ਫੰਡ ਰੇਜ਼ ਨੂੰ ਫਰਿਜ਼ਨੋ 'ਚ ਮਿਲਿਆ ਵੱਡਾ ਹੁੰਗਾਰਾ

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ "ਸਹਾਇਤਾ" ਸੰਸਥਾ ਵੱਲੋਂ ਦੀਨ-ਦੁਖੀਆਂ ਦੀ ਮਦਦ ਲਈ ਪੰਜਾਬ ਭਰ ਵਿੱਚ ਉਪਰਾਲੇ ਵਿੱਢੇ ਗਏ ਹਨ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁੰਨ ਦਾਨੀ-ਸੱਜਣਾਂ ਤੱਕ ਪਹੁੰਚ ਬਣਾਉਣ ਲਈ ਪੂਰੇ ਕੈਲੇਫੋਰਨੀਆ ਵਿੱਚ ਫੰਡ ਰੇਜ਼ ਕਰ ਰਹੇ ਹਨ। ਇਸੇ ਕੜੀ ਤਹਿਤ ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ) ਦੇ ਉੱਦਮ ਸਦਕਾ ਸੈਂਟਰਲਵੈਲੀ ਦੇ ਸੋਹਣੇ ਸ਼ਹਿਰ ਫਰਿਜ਼ਨੋ ਦੇ ਇੰਡੀਆ ਕਬਾਬ ਪੈਲਿਸ ਰੈਸਟੋਰੈਂਟ ਵਿੱਚ ‘ਸਹਾਇਤਾ ਨਾਈਟ’ ਪ੍ਰੋਗਰਾਮ ਹੋਇਆ, ਜਿੱਥੇ ਵੱਡੀ ਗਿਣਤੀ ਵਿੱਚ ਦਾਨੀ ਸੱਜਣਾਂ ਨੇ ਪਹੁੰਚ ਕੇ ਦਸਵੰਧ ਕੱਢਿਆ। 

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ "ਸਹਾਇਤਾ" ਸੰਸਥਾ 2005 ਤੋਂ ਦੀਨ-ਦੁਖੀਆਂ ਦੀ ਮਦਦ ਲਈ ਹਰ ਟਾਈਮ ਹਾਜ਼ਰ ਰਹਿੰਦੀ ਹੈ। ਆਪਣੇ ਨਿਸ਼ਾਨੇ ਦੀ ਪੂਰਤੀ ਲਈ ਇਸ ਸੰਸਥਾ ਦੇ ਕਾਰਕੁੰਨ ਦਾਨੀ ਸੱਜਣਾਂ 'ਤੇ ਨਿਰਭਰ ਕਰਦੇ ਹਨ। ਪਿਛਲੇ 6 ਸਾਲਾਂ ਤੋ ਲਗਤਾਰ ਪੰਜਾਬੀ ਕਲਚਰਲ ਐਸੋਸੀਏਸ਼ਨ (PCA) ਫਰਿਜ਼ਨੋ ਏਰੀਏ ਵਿੱਚ ਸਹਾਇਤਾ ਸੰਸਥਾ ਲਈ ਸਲਾਨਾ ਫੰਡ ਰੇਜ਼ ਕਰਦੀ ਆ ਰਹੀ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸਹਾਇਤਾ ਪੰਜਾਬ ਦੇ ਨਾਲ-ਨਾਲ ਰਾਜਸਥਾਨ ਅਲਵਰ ਦੇ ਸ਼ਿਗਲੀਗਰ ਪਰਿਵਾਰਾਂ ਦੀ ਵੀ ਮਦਦ ਕਰ ਰਹੀ ਹੈ। ਇਹ ਸੰਸਥਾ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਦਿੱਲੀ ਦੇ ਸਲੱਮ ਸਕੂਲਾਂ ਵੱਲ ਵੀ ਧਿਆਨ ਦੇ ਰਹੀ ਹੈ। ਅਮਰੀਕਾ ਕੈਨੇਡਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਅਤੇ ਮੈਂਟਲ ਹੈਲਥ ਆਦਿ ਮੁੱਦਿਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੈਂਪ ਲਾਉਂਦੀ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ- ਸਕੂਟਰੀ ਸਿੱਖ ਰਹੀਆਂ ਕੁੜੀਆਂ ਨੂੰ ਬਚਾਉਣ ਦੇ ਚੱਕਰ 'ਚ ਖੇਤਾਂ 'ਚ ਪਲਟਿਆ ਟਰਾਲਾ, ਕਲੀਨਰ ਨੂੰ ਲੱਗੀਆਂ ਗੰਭੀਰ ਸੱਟਾਂ

ਫਰਿਜ਼ਨੋ ਪ੍ਰੋਗਰਾਮ ਵਿੱਚ ਪੀ.ਸੀ.ਏ. ਮੈਂਬਰ ਮਿੱਕੀ ਸਰਾਂ ਨੇ ਵੀ ਉਚੇਚੇ ਤੌਰ 'ਤੇ ਬੇ-ਏਰੀਏ ਤੋ ਚੱਲਕੇ ਹਾਜ਼ਰੀ ਭਰੀ। ਪੀਸੀਏ ਮੈਂਬਰਾਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਅੰਮ੍ਰਿਤ ਧਾਲੀਵਾਲ ਨੇ 'ਸਹਾਇਤਾ' ਵੱਲੋ ਚਲਾਏ ਜਾ ਰਹੇ ਲੋਕਲ ਕੰਮਾਂ-ਕਾਰਾਂ ਤੋਂ ਆਏ ਮਹਿਮਾਨਾਂ ਨੂੰ ਜਾਣੂ ਕਰਵਾਇਆ। ਪੀ.ਸੀ.ਏ. ਮੈਂਬਰ ਸੁਖਬੀਰ ਭੰਡਾਲ ਨੇ ਹਾਜ਼ਰੀਨ ਨੂੰ ਸੰਬੋਧਨ ਕੀਤਾ ਤੇ ਇੱਕ ਕਵਿੱਤਾ ਨਾਲ ਹਾਜ਼ਰੀ ਲਵਾਈ। ਡਾ. ਹਰਕੇਸ਼ ਸੰਧੂ ਦੀ ਜੁਬਾਨੀ 'ਸਹਾਇਤਾ' ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਦਾਸਤਾਨ ਸੁਣਕੇ ਹਰ ਅੱਖ ਨਮ ਹੋ ਗਈ। ਗਾਇਕ ਪੱਪੀ ਭਦੌੜ ਅਤੇ ਗੋਗੀ ਸੰਧੂ ਨੇ ਆਪਣੀ ਮਿਆਰੀ ਗਾਇਕੀ ਰਾਹੀ ਚੰਗਾ ਸਮਾਂ ਬੰਨਿਆ। ਛੋਟੀਆਂ ਬੱਚੀਆਂ ਸਿਮਰਨ ਤੇ ਅੰਮ੍ਰਿਤ ਦੇ ਭੰਗੜੇ ਨੇ ਪੂਰੇ ਪੰਡਾਲ ਨੂੰ ਤਾੜੀਆਂ ਨਾਲ ਗੂੰਜਣ ਲਾ ਦਿੱਤਾ।

PunjabKesari

ਇਸ ਮੌਕੇ ਪੀਸੀਏ ਵੱਲੋਂ ਸਿਮਰਨ, ਅੰਮ੍ਰਿਤ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸਨਮਾਨਿਤ ਕੀਤਾ ਗਿਆ। ਪੀ.ਸੀ.ਏ. ਵੱਲੋਂ ਪੱਤਰਕਾਰ ਨੀਟਾ ਮਾਛੀਕੇ, ਗਾਇਕ ਪੱਪੀ ਭਦੌੜ ਅਤੇ ਗਾਇਕ ਗੋਗੀ ਸੰਧੂ ਨੂੰ ਵੀ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਦਾਨੀ ਸੱਜਣਾਂ ਦਾ ਪੀਸੀਏ ਵੱਲੋ ਧੰਨਵਾਦ ਕੀਤਾ ਗਿਆ। ਅੰਤ ਇੰਡੀਆ ਕਬਾਬ ਦੇ ਸੁਆਦਿਸ਼ਟ ਖਾਣੇ ਨਾਲ ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿੱਬੜਿਆ।

ਇਹ ਵੀ ਪੜ੍ਹੋ- ਇੰਡੋ ਅਮੈਰਿਕਨ ਹੈਰੀਟੇਜ ਫੋਰਮ ਨੇ ਮਨਾਇਆ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News