ਮਾਣ ਵਾਲੀ ਗੱਲ : ਪੰਜਾਬ ਦੀ ਧੀ ਨੇ ਜਰਮਨੀ ’ਚ ਹਾਸਲ ਕੀਤੀ ਇਹ ਪ੍ਰਾਪਤੀ

07/26/2023 9:57:23 PM

ਰੋਮ (ਦਲਵੀਰ ਕੈਂਥ, ਟੇਕ ਚੰਦ) : ਇਹ ਗੱਲ ਅਨੇਕਾਂ ਵਾਰ ਪ੍ਰਮਾਣਿਤ ਹੋ ਕੇ ਲੋਕਾਂ ਲਈ ਕਾਬਿਲੇ-ਤਾਰੀਫ਼ ਮਿਸਾਲ ਬਣੀ ਹੈ ਕਿ ਉਹ ਧੀਆਂ ਮਾਪਿਆਂ ਦੀ ਸ਼ਾਨ ਹੀ ਨਹੀਂ, ਮਾਣ ਵੀ ਹੁੰਦੀਆਂ ਹਨ, ਜਿਹੜੀਆਂ ਦ੍ਰਿੜ੍ਹ ਇਰਾਦਿਆਂ ਨਾਲ ਕਾਮਯਾਬੀ ਦਾ ਇਤਿਹਾਸ ਲਿਖਦੀਆਂ ਹਨ। ਅਜਿਹੀ ਹੀ ਧੀ ਹੈ ਸਨਜੀਤ ਕੌਰ, ਜਿਸ ਨੇ ਜਰਮਨੀ ’ਚ ਡੈਂਟਿਸਟ ਦੀ ਡਿਗਰੀ ਪ੍ਰਾਪਤ ਕਰ ਜਿਥੇ ਆਪਣੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ ਹੈ, ਉਸ ਦੇ ਨਾਲ ਹੀ ਆਪਣੇ ਸੂਬੇ ਪੰਜਾਬ ਅਤੇ ਦੇਸ਼ ਭਾਰਤ ਦਾ ਨਾਂ ਵੀ ਚਮਕਾਇਆ ਹੈ। ਸੁਰਜੀਤ ਸਿੰਘ ਤੇ ਕੁਲਜੀਤ ਕੌਰ ਦੀ ਲਾਡਲੀ ਧੀ ਸਨਜੀਤ ਕੌਰ ਨੇ ਜਰਮਨੀ ’ਚ ਡੈਂਟਿਸਟ ਡਾਕਟਰ ਅਤੇ ਡੈਂਟਲ ਮੈਨੇਜਰ ਦੀ ਡਿਗਰੀ ਪ੍ਰਾਪਤ ਕਰਕੇ ਜਰਮਨ ਸਮੇਤ ਹੋਰ ਕਈ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੀ ਮਿਹਨਤ ਤੇ ਬੁਲੰਦ ਇਰਾਦਿਆਂ ਨਾਲ ਪੜ੍ਹਾਈ ਦੇ ਖੇਤਰ ਵਿਚ ਪਛਾੜਦਿਆਂ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਈ ਹੈ।

PunjabKesari

ਸਨਜੀਤ ਕੌਰ ਦੇ ਪਿਤਾ ਸੁਰਜੀਤ ਸਿੰਘ, ਜੋ ਪਹਿਲਾਂ ਪਰਿਵਾਰ ਸਮੇਤ ਯੂਰਪ ਦੇ ਦੇਸ਼ ਇਟਲੀ ਵਿਖੇ ਰਹਿ ਰਹੇ ਸਨ, ਜਿਥੋਂ ਸਨਜੀਤ ਕੌਰ ਨੇ ਮੁੱਢਲੀ ਪੜ੍ਹਾਈ ਪੂਰੀ ਕੀਤੀ, ਫਿਰ ਸਾਲ 2014 ਤੋਂ ਉਹ ਪਰਿਵਾਰ ਸਮੇਤ ਜਰਮਨੀ ਚਲੀ ਗਈ। ਜਰਮਨੀ ਦੇ ਸਟੁੱਟਗਾਰਟ ਸ਼ਹਿਰ ’ਚ ਉਹ ਪਹਿਲੀ ਭਾਰਤੀ ਪੰਜਾਬੀ ਧੀ ਹੈ, ਜਿਸ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਸਨਜੀਤ ਪੰਜਾਬੀ, ਇੰਗਲਿਸ਼, ਇਟਾਲੀਅਨ ਅਤੇ ਡੁੱਚ ਭਾਸ਼ਾ ਜਾਣਦੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਉਸ ਦੇ ਨਾਲ ਗੱਲਬਾਤ ਕਰਨ ਵਿਚ ਮੁਸ਼ਕਿਲ ਨਹੀਂ ਆਉਂਦੀ। ਸਨਜੀਤ ਕੌਰ ਨੇ ਜਿਥੇ ਇਸ ਦਾ ਸਾਰਾ ਸਿਹਰਾ ਆਪਣੇ ਮਾਂ-ਬਾਪ ਨੂੰ ਦਿੱਤਾ ਹੈ, ਉਸ ਦੇ ਨਾਲ ਹੀ ਉਸ ਨੇ ਕਿਹਾ ਕਿ ਉਸ ਦਾਦਾ ਸੂਬੇਦਾਰ ਕਰਤਾਰ ਸਿੰਘ ਦੀ ਪ੍ਰੇਰਣਾ ਸਦਕਾ ਹੀ ਉਹ ਇਸ ਮੁਕਾਮ ’ਤੇ ਪਹੁੰਚੀ ਹੈ, ਜਿਨ੍ਹਾਂ ਨੇ ਉਸਨੂੰ ਹਮੇਸ਼ਾ ਮਿਹਨਤ ਤੇ ਲਗਨ ਨਾਲ ਪੜ੍ਹਨ ਲਈ ਪ੍ਰੇਰਿਆ ਸੀ। ਸਨਜੀਤ ਕੌਰ ਦਾ ਪਿੰਡ ਫਿਰੋਜ਼ ਸੰਗੋਵਾਲ ਨੇੜੇ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਹੈ, ਇਸ ਪ੍ਰਾਪਤੀ ਦੇ ਚੱਲਦਿਆਂ ਉਨ੍ਹਾਂ ਦੇ ਪਿੰਡ ਪਿਰੋਜ ਸੰਗੋਵਾਲ ਅਤੇ ਪੂਰੇ ਇਲਾਕੇ ’ਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।


Manoj

Content Editor

Related News