ਪੰਜਾਬ ''ਚ ਜੰਮੇ ਬ੍ਰਿਟਿਸ਼ ਸਿੱਖ ਫ਼ੌਜੀ ਦੀ ਤਰੱਕੀ ਸੋਸ਼ਲ ਮੀਡੀਆ ''ਤੇ ਛਾਈ
Tuesday, Sep 01, 2020 - 01:04 PM (IST)

ਲੰਡਨ- ਬ੍ਰਿਟਿਸ਼ ਫ਼ੌਜ ਵਿਚ ਰਾਇਲ ਲਾਜੀਸਟਿਕ ਕਾਰਪਸ ਦਾ ਹਿੱਸਾ ਬਣੇ ਚਮਨਦੀਪ ਸਿੰਘ ਦੀ ਤਰੱਕੀ ਦੀ ਖ਼ਬਰ ਨਾਲ ਸੋਸ਼ਲ ਮੀਡੀਆ 'ਤੇ ਲਾਈਕ ਤੇ ਕੁਮੈਂਟ ਕਰਨ ਵਾਲਿਆਂ ਨੇ ਝੜੀ ਲਾ ਦਿੱਤੀ ਹੈ। ਪੰਜਾਬ ਵਿਚ ਜੰਮੇ ਕਾਰਪੋਰਲ ਚਮਨਦੀਪ ਸਿੰਘ ਦੀ ਪ੍ਰਮੋਸ਼ਨ ਦੀ ਖਬਰ ਉਨ੍ਹਾਂ ਦੀ ਪਤਨੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤੇ ਇਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਰੀ-ਟਵੀਟ ਕੀਤਾ।
ਚਮਨਦੀਪ ਨੇ ਭਾਰਤ ਦੇ ਇਕ ਫ਼ੌਜੀ ਸਕੂਲ ਵਿਚ ਪੜ੍ਹਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਵਿਸ਼ਵ ਯੁੱਧ ਵਿਚ ਬਰਮਾ ਦੀ ਲੜਾਈ ਭਾਰਤੀ ਫ਼ੌਜੀ ਹਵਲਦਾਰ ਮੇਜਰ ਰਜਿੰਦਰ ਸਿੰਘ ਢਾਟ ਦੀ ਬਹਾਦਰੀ ਦੇ ਕਿੱਸੇ ਪੜ੍ਹੇ ਸਨ, ਜੋ ਉਨ੍ਹਾਂ ਨੂੰ ਬਹੁਤ ਪ੍ਰੇਰਿਤ ਕਰਦੇ ਰਹੇ। ਚਮਨਦੀਪ ਦੇ ਪਿਤਾ ਵੀ ਭਾਰਤੀ ਫ਼ੌਜ ਵਿਚ ਸਨ। ਪੜ੍ਹਾਈ ਕਰਦਿਆਂ ਹੀ ਚਮਨਦੀਪ ਨੇ ਫ਼ੌਜ ਵਿਚ ਭਰਤੀ ਹੋਣ ਦਾ ਮਨ ਬਣਾ ਲਿਆ ਸੀ। ਕਈ ਸਾਲਾਂ ਦੀ ਕੋਸ਼ਿਸ਼ ਮਗਰੋਂ ਉਹ ਸਫਲ ਹੋਏ ਤੇ ਭਾਰਤ ਦਾ ਨਾਂ ਉੱਚਾ ਕੀਤਾ। ਅਕਤੂਬਰ 2017 ਵਿਚ ਉਹ 22 ਸਿਗਨਲ ਰੈਜੀਮੈਂਟ ਵਿਚ ਤਾਇਨਾਤ ਹੋਏ ਸਨ। ਜਿੱਥੇ ਹੁਣ ਉਹ ਤਰੱਕੀ ਕਰਕੇ ਉੱਚ ਅਹੁਦਾ ਪ੍ਰਾਪਤ ਕਰ ਸਕੇ ਹਨ।
ਇਸ ਮਹੀਨੇ ਦੀ ਸ਼ੁਰੂਆਤ ਵਿਚ ਚਮਨਦੀਪ ਸਿੰਘ ਦੀ ਪਤਨੀ ਸੀਸੀ ਕੌਰ ਸੀਰਾ ਨੇ ਉਨ੍ਹਾਂ ਦੀ ਤਰੱਕੀ ਦੀ ਪੋਸਟ ਸਾਂਝੀ ਕੀਤੀ ਤੇ ਇਸ ਨੂੰ 7300 ਤੋਂ ਜ਼ਿਆਦਾ ਲਾਈਕ ਮਿਲੇ ਤੇ 500 ਵਾਰ ਰੀਟਵੀਟ ਕੀਤਾ ਗਿਆ। ਇਸ ਬਾਰੇ ਕਾਰਪੋਰਲ ਚਮਨਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਜ਼ਿੰਦਗੀ ਦੇ ਸਫਰ ਵਿਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ। ਉਨ੍ਹਾਂ ਦੀ ਪਤਨੀ ਫਾਰੈਂਸਿਕ ਸੀਨ ਇਨਵੈਸਟੀਗੇਸ਼ਨ ਅਧਿਕਾਰੀ ਹੈ।
ਮਿਨਿਸਟਰੀ ਆਫ ਡਿਫੈਂਸ ਨੇ ਕਿਹਾ ਕਿ ਸਿੰਘ ਬ੍ਰਿਟੇਨ ਦੇ ਰੈਗੁਲਰ ਆਰਮੀ ਵਿਚ ਸੇਵਾ ਨਿਭਾਅ ਰਹੇ 150 ਸਿੱਖਾਂ ਦਾ ਹਿੱਸਾ ਹਨ, ਜੋ ਵਿਚ ਆਪਣੀ ਯੁੱਧ ਸਮਰੱਥਾ, ਈਮਾਨਦਾਰੀ, ਤੇ ਬਹਾਦਰੀ ਲਈ ਪ੍ਰਸਿੱਧ ਹਨ।