ਬੇਨਜ਼ੀਰ ਭੁੱਟੋ ਕਤਲਕਾਂਡ ''ਚ ਦੋ ਪੁਲਸ ਅਧਿਕਾਰੀਆਂ ਦੀ ਸਜ਼ਾ ''ਤੇ ਰੋਕ

10/06/2017 6:30:20 PM

ਇਸਲਾਮਾਬਾਦ (ਭਾਸ਼ਾ)— ਲਾਹੌਰ ਹਾਈ ਕੋਰਟ ਦੀ ਰਾਵਲਪਿੰਡੀ ਬੈਂਚ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਕਤਲਕਾਂਡ 'ਚ ਦੋ ਸੀਨੀਅਰ ਪੁਲਸ ਅਧਿਕਾਰੀਆਂ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਹੈ। ਨਿਊਜ਼ ਪੇਪਰ 'ਡਾਨ' ਮੁਤਾਬਕ ਰਾਵਲਪਿੰਡੀ ਦੀ ਅੱਤਵਾਦ ਰੋਕੂ ਕਾਨੂੰਨ (ਏ.ਟੀ.ਸੀ.) ਅਦਾਲਤ ਨੇ ਇਸ ਸਾਲ 31 ਅਗਸਤ ਨੂੰ ਸਾਬਕਾ ਵਧੀਕ ਇੰਸਪੈਕਟਰ ਜਨਰਲ ਸਉਦ ਅਜ਼ੀਜ਼ ਅਤੇ ਸਾਬਕਾ ਸੀਨੀਅਰ ਪੁਲਸ ਅਧਿਕਾਰੀ ਖੁਰਮ ਸ਼ਹਿਜ਼ਾਦ ਨੂੰ ਇਸ ਕਤਲਕਾਂਡ 'ਚ 17 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਸੀ ਅਤੇ 10-10 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਦੋਹਾਂ ਅਧਿਕਾਰੀਆਂ ਨੂੰ ਅਪਰਾਧਕ ਲਾਪਰਵਾਹੀ ਅਤੇ ਅਪਰਾਧ ਵਾਲੀ ਥਾਂ ਤੋਂ ਸਬੂਤ ਮਿਟਾਉਣ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਇਹ ਸਜ਼ਾ ਸੁਣਾਈ ਗਈ ਸੀ। ਜੱਜ ਤਾਰਿਕ ਅੱਬਾਸੀ ਅਤੇ ਜੱਜ ਹਬਿਬੁੱਲਾ ਆਮਿਰ ਨੇ ਪੁਲਸ ਅਧਿਕਾਰੀਆਂ ਦੀ ਸਜ਼ਾ 'ਤੇ ਅੱਜ ਰੋਕ ਲਗਾ ਦਿੱਤੀ। ਪੁਲਸ ਅਧਿਕਾਰੀਆਂ ਨੇ ਵੱਖ-ਵੱਖ ਆਧਾਰ 'ਤੇ ਆਪਣੀ ਸਜ਼ਾ ਨੂੰ ਅਦਾਲਤ 'ਚ ਚੁਣੌਤੀ ਦਿੱਤੀ ਸੀ। 
ਉਨ੍ਹਾਂ ਦੇ ਵਕੀਲਾਂ ਆਜ਼ਮ ਨਜ਼ੀਰ ਅਤੇ ਰਾਜ ਘਾਨਿਮ ਅਬੀਰ ਨੇ ਦੱਸਿਆ ਕਿ ਦੋ-ਦੋ ਲੱਖ ਰੁਪਏ ਦਾ ਜ਼ਮਾਨਤੀ ਬਾਂਡ ਜਮਾਂ ਕਰਵਾਉਣ ਤੋਂ ਬਾਅਦ ਦੋਵੇਂ ਅਧਿਕਾਰੀ ਅਦਿਆਲਾ ਜੇਲ ਤੋਂ ਅੱਜ ਰਿਹਾਅ ਹੋ ਸਕਦੇ ਹਨ। ਪੁਲਸ ਅਧਿਕਾਰੀਆਂ ਨੇ ਜਿਰਹ ਦੌਰਾਨ ਕਿਹਾ ਕਿ ਜੱਜ ਅਸਗਰ ਅਲੀ ਖਾਨ ਨੇ ਇਸ ਕਤਲਕਾਂਡ 'ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪੰਜ ਮੈਂਬਰਾਂ ਨੂੰ ਸਬੂਤ ਦੀ ਕਮੀ ਕਾਰਨ ਬਰੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮੁੱਖ ਮੁਲਜ਼ਮ ਖਿਲਾਫ ਵੀ ਨਰਮੀ ਵਰਤੀ ਗਈ ਸੀ ਪਰ ਦੋਹਾਂ ਪੁਲਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ। ਪੁਲਸ ਅਧਿਕਾਰੀਆਂ 'ਤੇ ਇਹ ਵੀ ਇਲਜ਼ਾਮ ਸੀ ਕਿ ਉਨ੍ਹਾਂ ਨੇ ਭੁੱਟੋ ਦੀ ਸੁਰੱਖਿਆ 'ਚ ਕੋਤਾਹੀ ਵਰਤੀ ਅਤੇ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕਰਵਾਇਆ। ਇਸ 'ਤੇ ਦਲੀਲ ਦਿੱਤੀ ਗਈ ਜਦੋਂ ਮੌਤ ਦਾ ਕਾਰਨ ਸਾਫ ਹੁੰਦਾ ਹੈ ਤਾਂ ਪੋਸਟਮਾਰਟਮ ਦੀ ਲੋੜ ਨਹੀਂ ਰਹਿ ਜਾਂਦੀ। ਭਆਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਵੀ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਸੀ।


Related News