ਕੋਰੋਨਾ ਵਾਇਰਸ ਦੇ ਮਾਮਲਿਆਂ ''ਚ ਮਨੋਵਿਗਿਆਨਕ ਮਦਦ ਦੇਵੇਗਾ ਚੀਨ

02/25/2020 3:19:55 PM

ਬੀਜਿੰਗ— ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਚੀਨ ਨੇ ਇਸ ਨਾਲ ਪੀੜਤ ਮਰੀਜ਼ਾਂ ਅਤੇ ਸਾਧਾਰਨ ਲੋਕਾਂ ਦੀ ਮਦਦ ਲਈ ਹਾਟਲਾਈਨ ਅਤੇ ਆਨਲਾਈਨ ਪਲੈਟਫਾਰਮ ਖੋਲ੍ਹਿਆ ਹੈ। ਚੀਨ ਦੇ ਸਿੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਦੱਸਿਆ ਕਿ ਮਨੋਵਿਗਿਆਕਿ ਸਹਾਇਤਾ ਰੋਜ਼ਾਨਾ ਸਵੇਰੇ 8 ਤੋਂ ਰਾਤ 10 ਵਜੇ ਤਕ ਉਪਲੱਬਧ ਕਰਵਾਈ ਜਾਵੇਗੀ। ਇਹ ਸਹਾਇਤਾ ਸਭ ਤੋਂ ਵਧੇਰੇ ਪ੍ਰਭਾਵਿਤ ਹੁਬੇਈ ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ, ਉਨ੍ਹਾਂ ਦੇ ਪਰਿਵਾਰਾਂ, ਸੁਰੱਖਿਆ ਕਰਮਚਾਰੀਆਂ ਅਤੇ ਮੈਡੀਕਲ ਅਧਿਕਾਰੀਆਂ ਨੂੰ ਖਾਸ ਤੌਰ 'ਤੇ ਦਿੱਤੀ ਜਾਵੇਗੀ।


ਮੰਤਰਾਲੇ ਮੁਤਾਬਕ 200 ਤੋਂ ਵਧੇਰੇ ਸਕੂਲਾਂ ਅਤੇ ਸੰਸਥਾਨਾਂ ਨੂੰ ਸਵੈ ਇੱਛੁਕ ਮਨੋਵਿਗਿਆਨੀ ਪੇਸ਼ੇਵਰਾਂ ਵਲੋਂ ਇਹ ਸੇਵਾ ਦਿਨ 'ਚ 14 ਘੰਟੇ ਤਕ ਉਪਲੱਬਧ ਕਰਵਾਈ ਜਾਵੇਗੀ ਜੋ ਇਕੋ ਵਾਰ 1000 ਲੋਕਾਂ ਨੂੰ ਟੈਲੀਫੋਨ ਅਤੇ ਸੋਸ਼ਲ ਮੀਡੀਆ ਪਲੈਟਫੋਰਮ ਵੀਚੈਟ ਰਾਹੀਂ ਸੇਵਾ ਪ੍ਰਦਾਨ ਕਰਨ ਦੀ ਸਮਰੱਥਾ ਰੱਖਦੀ ਹੈ।


ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ 2,663 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 77,658 ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਵਾਇਰਸ ਦਾ ਪਹਿਲਾ ਮਾਮਲਾ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੂਹਾਨ 'ਚ ਪਿਛਲੇ ਸਾਲ ਦਸੰਬਰ ਦੇ ਅਖੀਰ 'ਚ ਸਾਹਮਣੇ ਆਇਆ ਸੀ ਅਤੇ ਹੁਣ ਇਹ ਦੇਸ਼ ਦੇ 31 ਸੂਬਿਆਂ 'ਚ ਫੈਲ ਚੁੱਕਾ ਹੈ। ਮੌਜੂਦਾ ਸਮੇਂ 'ਚ ਕੋਰੋਨਾ ਵਾਇਰਸ ਭਾਰਤ ਸਣੇ ਦੁਨੀਆ ਦੇ 26 ਤੋਂ ਵਧੇਰੇ ਦੇਸ਼ਾਂ 'ਚ ਫੈਲ ਚੁੱਕਾ ਹੈ।


Related News