ਮਹਾਨ ਵਿਗਿਆਨੀ ਹਾਕਿੰਗ ਦੀ ਮੌਤ, ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ

03/14/2018 12:40:34 PM

ਲੰਡਨ (ਬਿਊਰੋ)— ਵਿਸ਼ਵ ਦੇ ਮਹਾਨ ਭੌਤਿਕੀ ਅਤੇ ਬ੍ਰਹਿਮੰਡ ਵਿਗਿਆਨੀ ਸਟੀਫਨ ਹਾਕਿੰਗ ਦੀ ਬੁੱਧਵਾਰ ਨੂੰ ਮੌਤ ਹੋ ਗਈ। ਆਪਣੀ ਮੌਤ ਤੋਂ ਪਹਿਲਾਂ ਸਟੀਫਨ ਇਹ ਸਾਬਤ ਕਰ ਗਏ ਕਿ ਜੇ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ। ਸਟੀਫਨ ਨੇ ਆਪਣੀ ਜਿੰਦਗੀ ਵਿਚ ਬ੍ਰਹਿਮੰਡ ਦੇ ਕਈ ਰਹੱਸਾਂ ਬਾਰੇ ਪਤਾ ਲਗਾਇਆ ਅਤੇ ਦੁਨੀਆ ਨੂੰ ਬ੍ਰਹਿਮੰਡ ਸੰਬੰਧੀ ਕਈ ਖਾਸ ਸਿਧਾਂਤ ਦਿੱਤੇ। ਇਹ ਸੰਜੋਗ ਹੀ ਹੈ ਕਿ ਮਹਾਨ ਵਗਿਆਨੀ ਐਲਬਰਟ ਆਇਨਸਟਾਈਨ ਦੇ ਜਨਮ ਦਿਨ ਦੀ ਤਰੀਕ ਵਾਲੇ ਦਿਨ ਹੀ ਸਟੀਫਨ ਹਾਕਿੰਗ ਦੀ ਮੌਤ ਹੋਈ ਹੈ। ਇਕ ਹੋਰ ਸੰਜੋਗ ਵੀ ਹੈ ਕਿ ਜਿਸ ਦਿਨ ਮਹਾਨ ਵਿਗਿਆਨੀ ਗੈਲੀਲਿਓ ਦੀ ਮੌਤ ਹੋਈ ਸੀ, ਉਸ ਦੇ 300 ਸਾਲ ਬਾਅਦ ਉਸੇ ਦਿਨ ਸਟੀਫਨ ਹਾਕਿੰਗ ਦਾ ਜਨਮ ਹੋਇਆ ਸੀ। ਸਟੀਫਨ ਹਾਕਿੰਗ ਮੌਜੂਦਾ ਸਮੇਂ ਵਿਚ ਯੂਨੀਵਰਸਿਟੀ ਆਫ ਕੈਮਬ੍ਰਿਜ ਦੇ ਸੈਂਟਰ ਫੌਰ ਥਰੈਟਿਕਲ ਕਾਸਮੋਲੌਜੀ ਦੇ ਰਿਸਰਚ ਵਿਭਾਗ ਦੇ ਡਾਇਰੈਕਟਰ ਸਨ। 
PunjabKesari

ਜਾਣੋ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ
1. ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ, 1942 ਨੂੰ ਬ੍ਰਿਟੇਨ ਦੇ ਆਕਸਫੋਰਡ ਵਿਚ ਫ੍ਰੇਂਕ ਅਤੇ ਈਸਾਬੇਲ ਹਾਕਿੰਗ ਦੇ ਘਰ ਹੋਇਆ ਸੀ। ਪਹਿਲਾਂ ਉਨ੍ਹਾਂ ਦਾ ਪਰਿਵਾਰ ਲੰਡਨ ਵਿਚ ਰਹਿੰਦਾ ਸੀ ਪਰ ਬਅਦ ਵਿਚ ਸੈਂਟ ਐਲਬੈਂਸ ਵਿਚ ਰਹਿਣ ਲੱਗਾ। ਸਟੀਫਨ ਦਾ ਪੂਰਾ ਨਾਂ ਸਟੀਫਨ ਵਿਲੀਅਮ ਹਾਕਿੰਗ ਸੀ। 
2. 7 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਸੈਂਟ ਅਲਬੈਂਸ ਸਕੂਲ ਵਿਚ ਪੜ੍ਹਾਈ ਸ਼ੁਰੂ ਕੀਤੀ।
3. ਸਟੀਫਨ ਨੇ ਯੂਨੀਵਰਸਿਟੀ ਕਾਲਜ, ਆਕਸਫੋਰਡ ਤੋਂ ਪੜ੍ਹਾਈ ਕੀਤੀ। ਇਸੇ ਕਾਲਜ ਤੋਂ ਉਨ੍ਹਾਂ ਦੇ ਪਿਤਾ ਨੇ ਵੀ ਪੜ੍ਹਾਈ ਕੀਤੀ ਸੀ।
4. ਸਟੀਫਨ ਗਣਿਤ ਦੀ ਪੜ੍ਹਾਈ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਮੈਡੀਸਨ ਦੀ ਪੜ੍ਹਾਈ ਕਰਵਾਉਣਾ ਚਾਹੁੰਦੇ ਸਨ। ਆਕਸਫੋਰਡ ਯੂਨੀਵਰਸਿਟੀ ਕਾਲਜ ਵਿਚ ਗਣਿਤ ਦਾ ਵਿਸ਼ਾ ਨਾ ਹੋਣ ਕਾਰਨ ਉਨ੍ਹਾਂ ਨੇ ਭੌਤਿਕੀ ਦੀ ਪੜ੍ਹਾਈ ਕੀਤੀ।
5. ਸਾਲ 1965 ਵਿਚ ਸਟੀਫਨ ਨੇ ਪਹਿਲਾ ਵਿਆਹ ਜੇਨ ਵਿਲਡੇ ਨਾਲ ਕੀਤਾ। ਸਾਲ 1995 ਵਿਚ ਉਨ੍ਹਾਂ ਦਾ ਤਲਾਕ ਹੋ ਗਿਆ। ਫਿਰ ਉਸੇ ਸਾਲ ਸਟੀਫਨ ਨੇ ਦੂਜਾ ਵਿਆਹ ਆਪਣੀ ਨਰਸ ਏਲੇਨ ਮੇਸਨ ਨਾਲ ਕੀਤਾ। ਸਾਲ 2007 ਵਿਚ ਫਿਰ ਉਨ੍ਹਾਂ ਦਾ ਤਲਾਕ ਹੋ ਗਿਆ। ਸਟੀਫਨ ਦੇ ਤਿੰਨ ਬੱਚੇ ਹਨ।
6. ਸਟੀਫਨ ਨੇ ਦੁਨੀਆ ਨੂੰ ਕਈ ਸਪੇਸ ਸਿਧਾਂਤ ਦਿੱਤੇ। ਉਨ੍ਹਾਂ ਨੇ ਹਾਕਿੰਗ ਰੇਡੀਏਸ਼ਨ, ਪੇਨਰੋਜ-ਹਾਕਿੰਗ ਥਿਊਰਮਸ, ਬੀਕੇਂਸਟੀਨ-ਹਾਕਿੰਗ ਫਾਰਮੂਲਾ ਦਿੱਤਾ। ਹਾਕਿੰਗ ਐਨਰਜੀ, ਗਿਬਸਨ-ਹਾਕਿੰਗ ਸਪੇਸ ਅਤੇ ਗਿਬਸਨ ਹਾਕਿੰਗ ਇਫੈਕਟ ਉਨ੍ਹਾਂ ਦੇ ਖਾਸ ਸਿਧਾਂਤ ਸਨ।
7. 21 ਸਾਲ ਦੀ ਉਮਰ ਵਿਚ ਸਟੀਫਨ ਨੂੰ ਮੋਟਰ ਨਿਊਰਾਨ ਨਾਂ ਦੀ ਬੀਮਾਰੀ ਹੋਣ ਦਾ ਪਤਾ ਲੱਗਾ। ਇਸ ਬੀਮਾਰੀ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਲਕਵਾ ਮਾਰ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਦੇ ਸਿਰਫ 2 ਸਾਲ ਤੱਕ ਜਿਉਂਦੇ ਰਹਿਣ ਦੀ ਸੰਭਾਵਨਾ ਦੱਸੀ ਸੀ ਪਰ ਉਨ੍ਹਾਂ ਦੇ ਸਰੀਰ ਵਿਚ ਇਹ ਬੀਮਾਰੀ ਸਧਾਰਨ ਗਤੀ ਨਾਲੋਂ ਵੀ ਘੱਟ ਗਤੀ ਨਾਲ ਫੈਲ ਰਹੀ ਸੀ। ਉਹ ਕਮਜ਼ੋਰ ਰਹੇ ਪਰ ਕਰੀਬ ਅੱਧੀ ਸਦੀ ਤੋਂ ਜ਼ਿਆਦਾ 55 ਸਾਲ ਹੋਰ ਜਿਉਂਦੇ ਰਹੇ।8. ਸਟੀਫਨ ਮੁਤਾਬਕ ਲੋਕਾਂ ਨੂੰ ਕਦੇ ਵੀ ਕੰਮ ਕਰਨਾ ਨਹੀਂ ਛੱਡਣਾ ਚਾਹੀਦਾ। ਕੋਈ ਵੀ ਕੰਮ ਵਿਅਕਤੀ ਨੂੰ ਜਿਉਣ ਦਾ ਇਕ ਮਕਸਦ ਦਿੰਦਾ ਹੈ।
9. ਬੀਮਾਰੀ ਕਾਰਨ ਸਟੀਫਨ ਹਾਕਿੰਗ ਦੇ ਦਿਮਾਗ ਨੂੰ ਛੱਡ ਕੇ ਸਰੀਰ ਦਾ ਕੋਈ ਵੀ ਹਿੱਸਾ ਕੰਮ ਨਹੀਂ ਕਰਦਾ ਸੀ। ਉਨ੍ਹਾਂ ਨੇ ਦੀ ਗ੍ਰੈਂਜ ਡਿਜ਼ਾਈਨ, ਯੂਨੀਵਰਸ ਇਨ ਨਟੇਸ਼ਲ, ਮਾਈ ਬ੍ਰੀਫ ਹਿਸਟਰੀ, ਦੀ ਥਿਓਰੀ ਆਫ ਐਵਰੀਥਿੰਗ ਜਿਹੀਆਂ ਕਈ ਮਹੱਤਵਪੂਰਣ ਕਿਤਾਬਾਂ ਲਿਖੀਆਂ।
10. ਸਟੀਫਨ ਨੂੰ ਦੁਨੀਆ ਦੇ ਮਹਾਨ ਵਿਗਿਆਨੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ। ਵ੍ਹੀਲਚੇਅਰ 'ਤੇ ਬੈਠੇ ਉਨ੍ਹਾਂ ਦੀ ਤਸਵੀਰ ਹਰ ਕਿਸੇ ਦੇ ਦਿਮਾਗ ਵਿਚ ਤਾਜ਼ਾ ਰਹੇਗੀ। ਉਹ ਆਪਣੇ ਚਸ਼ਮੇ ਵਿਚ ਲੱਗੇ ਸੈਂਸਰ ਨੂੰ ਕੰਪਿਊਟਰ ਨਾਲ ਜੋੜ ਕੇ ਲੋਕਾਂ ਨਾਲ ਗੱਲਾਂ ਕਰਦੇ ਸਨ।


Related News