ਜੀ-7 ਨੇਤਾਵਾਂ ਦੇ ਜਰਮਨੀ ਪਹੁੰਚਣ ''ਤੇ ਹੋ ਸਕਦੇ ਹਨ ਪ੍ਰਦਰਸ਼ਨ

06/25/2022 5:24:29 PM

ਮਿਊਨਿਖ (ਏਜੰਸੀ)- ਜਰਮਨੀ ਵਿਚ ਹੋਣ ਵਾਲੇ ਦੁਨੀਆ ਦੀਆਂ 7 ਆਰਥਿਕ ਸ਼ਕਤੀਆਂ ਦੇ ਸਿਖ਼ਰ ਸੰਮੇਲਨ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਮਿਊਨਿਖ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੀ ਸੰਭਾਵਨਾ ਹੈ। ਇਸ ਸਾਲ ਜਰਮਨੀ ਜੀ-7 ਦੀ ਪ੍ਰਧਾਨਗੀ ਕਰ ਰਿਹਾ ਹੈ ਅਤੇ ਬਾਵਰੀਆਂ ਐਲਪਸ ਵਿਚ ਸਮੂਹ ਬੈਠਕ ਹੋਣ ਵਾਲੀ ਹੈ। ਜਰਮਨ ਸਮਾਚਾਰ ਏਜੰਸੀ ਡੀਪੀਏ ਦੀਆਂ ਖ਼ਬਰਾਂ ਮੁਤਾਬਕ ਪੁਲਸ ਨੂੰ ਇੱਥੇ 20 ਹਜ਼ਾਰ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੀ ਖ਼ਦਸ਼ਾ ਹੈ।

ਵਿਸ਼ਵੀਕਰਨ ਦੀ ਆਲੋਚਨਾ ਕਰਨ ਵਾਲੇ 15 ਸੰਗਠਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ਸੰਗਠਨਾਂ ਦੀਆਂ ਵੱਖ-ਵੱਖ ਮੰਗਾਂ ਵਿਚ ਪੜਾਅਵਾਰ ਤਰੀਕੇ ਨਾਲ ਜੈਵਿਕ ਇੰਧਨ ਨੂੰ ਖ਼ਤਮ ਕਰਨਾ, ਪਸ਼ੂਆਂ ਅਤੇ ਪੌਦਿਆਂ ਦੀ ਵਿਭਿੰਨਤਾ ਦੀ ਸੰਭਾਲ ਅਤੇ ਧਰਤੀ 'ਤੇ ਸਮਾਜਿਕ ਨਿਆਂ ਲਈ ਅਤੇ ਭੁੱਖ ਖ਼ਿਲਾਫ਼ ਸੰਘਰਸ਼ ਸ਼ਾਮਲ ਹੈ। ਜੀ-7 ਨੇਤਾਵਾਂ ਦੇ ਸ਼ਨੀਵਾਰ ਦੀ ਦੁਪਹਿਰ ਤੋਂ ਜਰਮਨੀ ਪਹੁੰਚਣ ਦੀ ਉਮੀਦ ਹੈ। ਸਮੂਹ ਨੇ ਅਮਰੀਕਾ, ਬ੍ਰਿਟੇਨ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਾਪਾਨ ਸ਼ਾਮਲ ਹਨ।

ਸੰਮੇਲਨ ਵਿਚ ਯੂਕ੍ਰੇਨ-ਰੂਸ ਸੰਘਰਸ਼, ਜਲਵਾਯੂ ਤਬਦੀਲੀ, ਊਰਜਾ ਅਤੇ ਭੋਜਨ ਸੰਕਟ ਵਰਗੇ ਮੁੱਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਜਰਮਨ ਚਾਂਸਲਰ ਓਲਾਫ ਸਕੋਲਜ ਨੇ ਕਿਹਾ ਕਿ ਯੂਕ੍ਰੇਨ ਖ਼ਿਲਾਫ਼ ਰੂਸ ਦੀ ਮਾਰੂ ਲੜਾਈ ਦਾ ਅਸਰ ਇੱਥੇ ਵੀ ਹੋਵੇਗਾ। ਵਿਰੋਧ ਪ੍ਰਦਰਸ਼ਨਾਂ ਦੀ ਸੰਭਵਾਨਾ ਨੂੰ ਵੇਖਦੇ ਹੋਏ ਕੁੱਲ 18 ਹਜ਼ਾਰ ਪੁਲਸ ਮੁਲਾਜ਼ਮਾਂ ਨੂੰ ਬੈਠਕ ਸਥਾਨ ਦੇ ਆਲੇ-ਦੁਆਨੇ ਤਾਇਨਾਤ ਕੀਤਾ ਗਿਆ ਹੈ।


cherry

Content Editor

Related News