ਆਸਟ੍ਰੇਲੀਆ 'ਚ ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਸੰਸਦ ਦੀ ਇਮਾਰਤ ਨੂੰ ਲਾਈ ਅੱਗ (ਤਸਵੀਰਾਂ)
Thursday, Dec 30, 2021 - 05:08 PM (IST)
ਕੈਨਬਰਾ (ਯੂ.ਐੱਨ.ਆਈ.): ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਵੀਰਵਾਰ ਨੂੰ ਆਦਿਵਾਸੀ ਪ੍ਰਭੂਸੱਤਾ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪੁਰਾਣੀ ਸੰਸਦ ਦੀ ਇਮਾਰਤ 'ਤੇ ਧਾਵਾ ਬੋਲ ਦਿੱਤਾ ਅਤੇ ਇਸ ਨੂੰ ਅੱਗ ਲਗਾ ਦਿੱਤੀ।ਇਸ ਘਟਨਾ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਇੱਥੇ ਪੁਰਾਣੀ ਸੰਸਦ ਭਵਨ ਦੇ ਸਾਹਮਣੇ ਵਾਲੇ ਲਾਅਨ ਵਿੱਚ ਕਬਾਇਲੀ ਟੈਂਟ ਅੰਬੈਸੀ ਦੇ ਗਠਨ ਦੀ 50ਵੀਂ ਵਰ੍ਹੇਗੰਢ ਨੂੰ ਲੈ ਕੇ ਆਦਿਵਾਸੀ ਪਿਛਲੇ 14 ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਲੱਗੇ 7.4 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਹਿੰਸਕ ਘਟਨਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਇਸ ਤਰ੍ਹਾਂ ਕੰਮ ਨਹੀਂ ਹੁੰਦਾ। ਲੋਕਤੰਤਰ ਦੇ ਪ੍ਰਤੀਕ ਨੂੰ ਅੱਗ ਲਾਉਣ ਦੇ ਆਸਟ੍ਰੇਲੀਆਈ ਲੋਕਾਂ ਦੇ ਇਸ ਵਤੀਰੇ ਤੋਂ ਮੈਂ ਬਹੁਤ ਦੁਖੀ ਅਤੇ ਸਦਮੇ ਵਿੱਚ ਹਾਂ। ਉਪ ਪ੍ਰਧਾਨ ਮੰਤਰੀ ਬਰਨਬੇ ਜੋਇਸ ਨੇ ਕਿਹਾ ਕਿ ਅੱਗ ਲਗਾਉਣਾ ਕਾਨੂੰਨ ਮੁਤਾਬਕ ਕੀਤਾ ਗਿਆ ਪ੍ਰਦਰਸ਼ਨ ਨਹੀਂ ਹੈ ਸਗੋਂ ਇਹ ਇਕ ਗੰਭੀਰ ਅਪਰਾਧ ਹੈ।