ਪਾਕਿਸਤਾਨ ''ਚ ਮਜ਼ਦੂਰ ਦਾ ਪੁਲਸ ਹਿਰਾਸਤ ''ਚ ਕਤਲ, ਵਿਰੋਧ ''ਚ ਲੋਕਾਂ ਨੇ ਕੱਢਿਆ ਰੋਸ ਮਾਰਚ

Thursday, Dec 02, 2021 - 06:43 PM (IST)

ਪਾਕਿਸਤਾਨ ''ਚ ਮਜ਼ਦੂਰ ਦਾ ਪੁਲਸ ਹਿਰਾਸਤ ''ਚ ਕਤਲ, ਵਿਰੋਧ ''ਚ ਲੋਕਾਂ ਨੇ ਕੱਢਿਆ ਰੋਸ ਮਾਰਚ

ਇਸਲਾਮਾਬਾਦ- ਪਾਕਿਸਤਾਨ 'ਚ ਪੁਲਸ ਹਿਰਾਸਤ 'ਚ ਇਕ ਮਜ਼ਦੂਰ ਦੇ ਕਤਲ ਦੇ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਥੱਟਾ ਸ਼ਹਿਰ 'ਚ ਰੋਸ ਮਾਰਚ ਕੱਢਿਆ ਤੇ ਪੁਲਸ 'ਤੇ ਕਤਲ ਕਰਨ ਦਾ ਦੋਸ਼ ਲਾਇਆ। ਪਾਕਿਸਤਾਨ ਦੇ ਅਖ਼ਬਾਰ ਡਾਨ ਨੇ ਦੱਸਿਆ ਰੋਸ ਮਾਰਚ 'ਚ ਦਰਜਨਾਂ ਸਿਆਸੀ, ਰਾਸ਼ਟਰਵਾਦੀ ਤੇ ਨਾਗਰਿਕ ਸਮਾਜ ਦੇ ਕਾਰਕੁੰਨਾਂ ਨੇ ਵੀ ਹਿੱਸਾ ਲਿਆ। ਪ੍ਰਦਰਸ਼ਨਕਾਰੀਆਂ ਨੇ ਮਾਕਲੀ ਤੋਂ ਆਪਣਾ ਮਾਰਚ ਸ਼ੁਰੂ ਕੀਤਾ ਤੇ ਥੱਟਾ ਪ੍ਰੈੱਸ ਕਲੱਬ ਦੇ ਬਾਹਰ ਧਰਨਾ ਦਿੱਤਾ। ਮੀਡੀਆ ਰਿਪੋਰਟਸ ਮੁਤਾਬਕ ਮ੍ਰਿਤਕ ਮਜ਼ਦੂਰ ਸਦਰੂਦੀਨ ਵਲਹਾਰੀ ਨੂੰ ਕਥਿਤ ਤੌਰ 'ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪਰ ਪੁਲਸ ਨੇ ਦਾਅਵਾ ਕੀਤਾ ਹੈ ਕਿ ਉਸ ਦੀ ਇਕ 'ਮੁਠਭੇੜ' 'ਚ ਮੌਤ ਹੋਈ, ਜਿਸ 'ਚ ਦੋ ਪੁਲਸ ਵਾਲੇ ਵੀ ਮਾਰੇ ਗਏ ਸਨ।

ਉੱਧਰ ਪ੍ਰਦਰਸ਼ਨਕਾਰੀਆਂ ਤੇ ਮ੍ਰਿਤਕ ਦੀ ਪਤਨੀ ਦਾਦਲੀ ਵਲਹਾਰੀ ਨੇ ਪ੍ਰੈਸ ਕਲੱਬ ਦੇ ਬਾਹਰ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਪੁਲਸ ਟੀਮ ਨੇ ਨਾ ਸਿਰਫ਼ ਸਦਰੂਦੀਨ ਨੂੰ ਮਾਰ ਦਿੱਤਾ ਸਗੋਂ ਅਧਿਕਾਰਤ ਹਥਿਆਰ ਲਹਿਰਾ ਕੇ ਕਤਲ ਦਾ ਜਸ਼ਨ ਵੀ ਮਨਾਇਆ। ਇਹ ਸਭ ਨਕਲੀ ਮੁਠਭੇੜ ਸਥਲ 'ਤੇ ਇਕੱਠੇ ਲੋਕਾਂ ਨੇ ਉਦੋਂ ਦੇਖਿਆ ਜਦੋਂ ਮੋਬਾਇਲ ਵੈਨ ਉਸ ਦੇ ਪਤੀ ਦੀ ਲਾਸ਼ ਲੈ ਕੇ ਜਾ ਰਹੀ ਸੀ। ਦਾਦਲੀ ਵਲਹਾਰੀ ਨੇ ਇਹ ਵੀ ਦੱਸਿਆ ਕਿ ਉਹ ਤੇ ਉਸ ਦੇ ਪਰਿਵਾਰ ਦੇ ਮੈਂਬਰ ਘਟਨਾ ਦੇ ਬਾਅਦ ਤੋਂ ਪੁਲਸ ਥਾਣੇ ਤੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ 'ਚ ਚੱਕਰ ਲਗਾ ਰਹੇ ਹਨ ਪਰ ਐੱਫ. ਆਰ. ਆਈ. ਦਰਜ ਨਹੀਂ ਕੀਤੀ ਗਈ।

ਇਕ ਪ੍ਰਦਰਸ਼ਨਕਾਰੀ ਨੇ ਦੱਸਿਆ ਕਿ ਇਲਾਕੇ ਦੇ ਐੱਸ. ਐੱਚ. ਓ. ਮੁਮਤਾਜ ਬ੍ਰੋਹੀ ਤੇ ਉਨ੍ਹਾਂ ਦੀ ਟੀਮ ਮਰਹੂਮ ਪੀੜਤ ਨੂੰ ਚੁੱਕ ਕੇ ਲੈ ਗਈ ਸੀ। ਡਾਨ ਦੀ ਰਿਪੋਰਟ ਮੁਤਾਬਕ ਪੁਲਸ ਨੇ ਘਟਨਾ ਨੂੰ ਲੈ ਕੇ ਅਧਿਕਾਰਤ ਬਿਆਨ 'ਚ ਦਾਅਵਾ ਕੀਤਾ ਹੈ ਕਿ ਪੁਲਸ ਨੇ ਕੁਝ 'ਡਕੈਤਾਂ' ਨੂੰ ਗ੍ਰਿਫਤਾਰ ਕਰਨ ਲਈ ਮਕਲੀ ਸ਼ਹਿਰ ਦਾ ਫਾਰਮਹਾਊਸ 'ਤੇ ਛਾਪਾ ਮਾਰਿਆ ਸੀ। ਫ਼ਾਰਮ ਹਾਊਸ 'ਤੇ ਦੋਵੇਂ ਪੱਖਾਂ ਦੀ ਝੜਪ ਹੋ ਗਈ ਸੀ, ਜਿਸ 'ਚ ਇਕ 'ਡਕੈਤ' ਤੇ ਦੋ ਕਾਂਸਟੇਬਲਾਂ ਦੀ ਮੌਤ ਹੋ ਗਈ।


author

Tarsem Singh

Content Editor

Related News